ਡਿਪਟੀ ਮੇਅਰ ਨੇ ਕੈਨੇਡਾ ’ਚੋਂ ਡਿਪੋਰਟ ਵਿਦਿਆਰਥੀਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ

ਮੁੱਖ ਮੰਤਰੀ, ਐਨਆਰਆਈ ਮੰਤਰੀ ਪੰਜਾਬ ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ

ਐਨਆਰਆਈ ਮੰਤਰੀ ਕੈਨੇਡਾ ਪੁੱਜ ਕੇ ਉੱਥੋਂ ਦੀ ਸਰਕਾਰ ਨਾਲ ਤਾਲਮੇਲ ਕਰਨ : ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੈਨੇਡਾ ’ਚੋਂ ਡਿਪੋਰਟ ਕੀਤੇ ਜਾ ਰਹੇ ਲਗਪਗ 700 ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸਮੇਤ ਐਨਆਰਆਈ ਮੰਤਰੀ ਪੰਜਾਬ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਫੌਰੀ ਨਿੱਜੀ ਦਖ਼ਲ ਦੇ ਕੇ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਤੋਂ ਬਚਾਉਣ ਲਈ ਠੋਸ ਕਾਰਵਾਈ ਦੀ ਮੰਗ ਕੀਤੀ ਹੈ।
ਬੇਦੀ ਨੇ ਦੱਸਿਆ ਕਿ ਮਾਰਚ ਵਿੱਚ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲੇ ਸਬੰਧੀ ਆਫ਼ਰ ਲੈਟਰ ਫ਼ਰਜ਼ੀ ਪਾਏ ਗਏ ਸਨ। ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਡਿਪੋਰਟ ਹੋਣ ਵਾਲੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਵਿਦਿਆਰਥੀਆਂ ਦਾ ਇਸ ਪੂਰੇ ਮਾਮਲੇ ਵਿੱਚ ਕੋਈ ਕਸੂਰ ਨਹੀਂ ਹੈ। ਸਾਲ 2018 ਤੋਂ 2022 ਦਰਮਿਆਨ ਜਲੰਧਰ ਦੇ ਇਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਕ ਪ੍ਰਾਈਵੇਟ ਕਾਲਜ ਦੇ ਆਫ਼ਰ ਲੈਟਰ ਦਿਵਾ ਕੇ ਕੈਨੇਡਾ ਦੇ ਵੀਜ਼ੇ ਲਗਾਏ ਸੀ ਅਤੇ ਪ੍ਰਤੀ ਵਿਦਿਆਰਥੀ ਲੱਖਾਂ ਰੁਪਏ ਵਸੂਲੇ ਸਨ।
ਡਿਪਟੀ ਮੇਅਰ ਨੇ ਕਿਹਾ ਕਿ ਪੀੜਤਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਟਰਾਂਟੋ ਵਿੱਚ ਪੁੱਜੇ। ਉਨ੍ਹਾਂ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੈਵਲ ਏਜੰਟ ਨੇ ਪੀੜਤਾਂ ਨਾਲ ਸੰਪਰਕ ਕਰ ਕੇ ਸਾਰਿਆਂ ਨੂੰ ਇਕੋ ਗੱਲ ਕਹੀ ਗਈ ਕਿ ਜਿਸ ਕਾਲਜ ਵਿੱਚ ਉਹ ਜਾ ਰਹੇ ਹਨ, ਉੱਥੋਂ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਅਗਲੇ ਸਮੈਸਟਰ ਵਿੱਚ ਸੀਟਾਂ ਦਿਵਾਈਆਂ ਜਾਣਗੀਆਂ। ਏਜੰਟ ਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਕੁੱਝ ਪੈਸੇ ਵੀ ਮੋੜ ਦਿੱਤੇ ਸਨ। ਕੁੱਝ ਸਮੇਂ ਬਾਅਦ ਟਰੈਵਲ ਏਜੰਟ ਨੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਲੈਣ ਦੀ ਗੱਲ ਕਹੀ ਅਤੇ ਵਿਦਿਆਰਥੀਆਂ ਨੇ ਹੋਰ ਕਾਲਜਾਂ ਵਿੱਚ 2 ਸਾਲਾਂ ਦਾ ਡਿਪਲੋਮਾ ਕੋਰਸ ਕਰਨ ਦਾ ਦਾਖ਼ਲਾ ਲਿਆ। 2 ਸਾਲ ਕਾਲਜ ਵਿੱਚ ਪੂਰੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ 1 ਸਾਲ ਵਰਕ ਪਰਮਿਟ ਤਹਿਤ ਉੱਥੇ ਕੰਮ ਵੀ ਕੀਤਾ। ਹੁਣ ਵਿਦਿਆਰਥੀਆਂ ਦੇ ਦਸਤਾਵੇਜ਼ ਜਾਅਲੀ ਦੱਸ ਕੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਸਮੇਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੀੜਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਾਂਹ ਫੜਨੀ ਚਾਹੀਦੀ ਹੈ।
ਬੇਦੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਤਾਂ ਉਕਤ ਟਰੈਵਲ ਏਜੰਟ ਹੈ ਜਿਸ ਨੇ ਇਹ ਫਰਜ਼ੀਵਾੜਾ ਕਰਕੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਬਟੋਰੇ। ਵਿਦਿਆਰਥੀ ਉਸਦੇ ਭਰੋਸੇ ਵਿੱਚ ਆ ਕੇ ਕੈਨੇਡਾ ਵਿੱਚ ਪਹੁੰਚਣ ਤੋਂ ਬਾਅਦ ਕਾਲਜ ਬਦਲਦੇ ਰਹੇ। ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਦੋ ਸਾਲ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ ਅਤੇ ਸਾਲ ਦਾ ਵਰਕ ਪਰਮਟ ਵੀ ਦਿੱਤਾ ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੀ.ਆਰ. ਦਾਖ਼ਲ ਕੀਤੀ। ਡਿਪਟੀ ਮੇਅਰ ਨੇ ਕਿਹਾ ਕਿ ਜੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਟ੍ਰੈਵਲ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਐਨਆਰਆਈ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਕਿ ਇਹ ਦੋਵੇਂ ਆਗੂ ਕੈਨੇਡਾ ਸਰਕਾਰ ਨਾਲ ਇਹ ਮਸਲਾ ਪੁਰਜ਼ੋਰ ਢੰਗ ਨਾਲ ਉਠਾਉਣ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਰੋਕ ਰੁਕਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਨਆਰਆਈ ਲੋਕਾਂ ਦੀ ਮਦਦ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਇਹ ਵਿਦਿਆਰਥੀ ਵੀ ਐਨਆਰਆਈ ਹੀ ਹਨ ਜੋ ਲੱਖਾਂ ਰੁਪਏ ਖ਼ਰਚ ਕਰਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਕੈਨੇਡਾ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਕੈਨੇਡਾ ਜਾ ਕੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦੀ ਮਦਦ ਲਈ ਕੈਨੇਡਾ ਸਰਕਾਰ ਨਾਲ ਤਾਲਮੇਲ ਕਰਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…