
ਡੀਜੀਪੀ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਮੁਹਾਲੀ ਪੁਲੀਸ ਦੇ ਅਫ਼ਸਰਾਂ ਤੇ ਜਵਾਨਾਂ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੁਹਾਲੀ ਦੇ ਇੱਕ ਨੌਜਵਾਨ ਹਰਦੀਪ ਸਿੰਘ ਨੂੰ ਘਰ ਤੋਂ ਜ਼ਬਰਦਸਤੀ ਅਗਵਾ ਕਰਕੇ ਉਸ ਦੇ ਹੱਥ ਦੀਆਂ ਚਾਰ ਉਂਗਲਾਂ ਵੱਢਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਵੱਲੋਂ ਗੈਂਗਸਟਰ ਭੂਪੀ ਰਾਣਾ ਗਰੋਹ ਨਾਲ ਸਬੰਧਤ ਚਾਰ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ।
ਡੀਜੀਪੀ ਨੇ ਅੱਜ ਕਰਮਚਾਰੀ ਪ੍ਰਸ਼ੰਸਾ ਦਿਵਸ ਦੇ ਮੌਕੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਸਮੇਤ ਪੁਲੀਸ ਮੁਕਾਬਲੇ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲੀਸ ਦੀ ਇਸ ਵਿਲੱਖਣ ਕਾਰਵਾਈ ਨਾਲ ਲੋਕਾਂ ਵਿੱਚ ਪੰਜਾਬ ਪੁਲੀਸ ਪ੍ਰਤੀ ਵਿਸ਼ਵਾਸ ਵਧਿਆ ਹੈ। ਜਿਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਡੀਜੀਪੀ ਨੇ ਜ਼ਿਲ੍ਹਾ ਪੁਲੀਸ ਮੁਹਾਲੀ ਦੀ ਹੌਸਲਾ ਅਫ਼ਜਾਈ ਕਰਦਿਆਂ ਭਵਿੱਖ ਵਿੱਚ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਮਰਪਿਤ ਭਾਵਨਾ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।
ਜਾਣਕਾਰੀ ਅਨੁਸਾਰ ਐੱਸਐੱਸਪੀ ਡਾ. ਸੰਦੀਪ ਗਰਗ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਣ ਲਈ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਸ ਦੌਰਾਨ ਉਕਤ ਜਾਂਚ ਟੀਮ ਨੇ ਮੁੱਖ ਮੁਲਜ਼ਮ ਗੌਰਵ ਸ਼ਰਮ ਉਰਫ਼ ਗੋਰੀ ਵਾਸੀ ਬੜਮਾਜਰਾ ਅਤੇ ਤਰੁਣ ਵਾਸੀ ਸੰਜੇ ਕਲੋਨੀ ਨੇੜੇ ਮਹਿੰਦਰਾ ਕਾਲਜ ਪਟਿਆਲਾ ਨੂੰ ਸ਼ੰਭੂ ਬੈਰੀਅਰ ਨੇੜੇ ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਸੀ। ਇਨ੍ਹਾਂ ’ਚੋਂ ਇੱਕ ਮੁਲਜ਼ਮ ਗੋਰੀ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਬੀਤੇ ਦਿਨੀਂ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਯਾਦਵਿੰਦਰ ਸਿੰਘ ਉਰਫ਼ ਘੋੜਾ ਉਰਫ਼ ਵਿੱਕੀ ਵਾਸੀ ਦਸਮੇਸ਼ ਨਗਰ, ਖਰੜ ਅਤੇ ਪੁਨੀਤ ਸਿੰਘ ਉਰਫ਼ ਗੋਲਾ ਉਰਫ਼ ਹੈਰੀ ਵਾਸੀ ਨਿਊ ਮਥਰਾ ਕਲੋਨੀ (ਪਟਿਆਲਾ) ਨੂੰ ਨਾਜਾਇਜ਼ ਅਸਲਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਦਾਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਧਾਰਾ 326/365/34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਚਾਰ ਪਿਸਤੌਲ, 13 ਕਾਰਤੂਸ, ਇੱਕ ਤੇਜ਼ਧਾਰ ਖੰਡਾ, ਇੱਕ ਤੇਜ਼ਧਾਰ ਦਾਤ, ਇੱਕ ਸਵਿਫ਼ਟ ਕਾਰ ਤੇ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ।