ਡੀਜੀਪੀ ਨੇ ਮੁਹਾਲੀ ਵਿੱਚ ਲੋਕਾਂ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ

ਮੁਹਾਲੀ ਕੌਮਾਂਤਰੀ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਅੱਡਾ ਤੇ ਹੋਰਨਾਂ ਥਾਵਾਂ ’ਤੇ ਸਰਚ ਅਭਿਆਨ ਚਲਾਇਆ

ਆਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏਗੀ ਪੰਜਾਬ ਪੁਲੀਸ: ਗੌਰਵ ਯਾਦਵ

ਨਬਜ਼-ਏ-ਪੰਜਾਬ, ਮੁਹਾਲੀ, 8 ਅਗਸਤ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਵਸ ਤੋਂ ਪਹਿਲਾਂ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਅੱਜ ਡੀਜੀਪੀ ਗੌਰਵ ਯਾਦਵ ਨੇ ਮੁਹਾਲੀ ਦਾ ਦੌਰਾ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪੁਲੀਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਡੀਜੀਪੀ ਨੇ ਮੁਹਾਲੀ ਵਿੱਚ ਤਿੰਨ ਜ਼ਿਲ੍ਹਿਆਂ ਮੁਹਾਲੀ, ਰੂਪਨਗਰ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਹੋਰਨਾਂ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ, ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ, ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ, ਡੀਐਸਪੀ ਹਰਸਿਮਰਨ ਸਿੰਘ ਬੱਲ ਸਮੇਤ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੀਟਿੰਗ ਦੌਰਾਨ ਰੂਪਨਗਰ ਰੇਂਜ ਅਧੀਨ ਆਉਂਦੇ ਤਿੰਨ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਦੇ ਪ੍ਰਬੰਧਾਂ, ਕਾਨੂੰਨ ਵਿਵਸਥਾ, ਪੁਲਿਸਿੰਗ ਵਿੱਚ ਹੋਰ ਸੁਧਾਰ ਕਰਨ ਲਈ ਸੁਝਾਅ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਨੂੰਨ ਲਾਗੂ ਕਰਨ ਲਈ ਮੌਜੂਦਾ ਲੋੜਾਂ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨਾਲ ਵੱਖ-ਵੱਖ ਸੁਰੱਖਿਆ ਅਲਰਟ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਹਨ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਪੁਲੀਸ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੇ ਬੁਨਿਆਦੀ ਢਾਂਚੇ ਨੂੰ ਅਪਗਰੇਡ ਕੀਤਾ ਜਾਵੇ ਤਾਂ ਜੋ ਇਹ ਫੋਰਸ ਦੇਸ਼ ਦੀ ਸਰਵੋਤਮ ਪੁਲੀਸ ਫੋਰਸ ਵਜੋਂ ਉੱਭਰ ਕੇ ਸਾਹਮਣੇ ਆ ਸਕੇ। ਡੀਜੀਪੀ ਨੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਵੀ ਕੀਤਾ।
ਇਸੇ ਦੌਰਾਨ ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਡੀਐਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਾਲੀ ਟੀਮ ਨੇ ਮੁਹਾਲੀ ਰੇਲਵੇ ਸਟੇਸ਼ਨ, ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ਅਤੇ ਅੰਤਰਰਾਜ਼ੀ ਪੁਰਾਣਾ ਬੱਸ ਅੱਡਾ ਸਮੇਤ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਸਰਚ ਅਭਿਆਨ ਚਲਾਇਆ ਅਤੇ ਯਾਤਰੀਆਂ ਦੀ ਤਲਾਸ਼ੀ ਲਈ। ਇਸ ਮੌਕੇ ਸੂਹੀਆ ਕੁੱਤਿਆਂ ਅਤੇ ਬੰਬ ਨਸ਼ਟ ਕਰਨ ਵਾਲੇ ਦਸਤੇ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਪੁਲੀਸ ਕਰਮਚਾਰੀਆਂ ਨੇ ਬੱਸਾਂ ਅਤੇ ਰੇਲ ਗੱਡੀਆਂ ਦੇ ਡੱਬੇ ਵਿੱਚ ਚੜ੍ਹ ਕੇ ਬਰੀਕੀ ਨਾਲ ਚੈਕਿੰਗ ਕੀਤੀ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …