ਬੈੱਸਟ ਵਿਲੇਜ ਐਵਾਰਡ ਵਾਲੇ ਪਿੰਡ ਚੱਪੜਚਿੜੀ ਦੀ ਖਸਤਾ ਹਾਲਤ ਸੜਕ ਤੋਂ ਲੋਕ ਅੌਖੇ

ਕਰੀਬ ਦੋ ਕਿੱਲੋਮੀਟਰ ਲੰਮੀ ਸੜਕ ’ਤੇ 300 ਤੋਂ ਵੱਧ ਡੂੰਘੇ ਖੱਡੇ, ਵਾਹਨ ਵੀ ਨੁਕਸਾਨੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਇੱਥੋਂ ਦੇ ਨੇੜਲੇ ਇਤਿਹਾਸਕ ਨਗਰ ਅਤੇ ਬੈੱਸਟ ਵਿਲੇਜ ਐਵਾਰਡ ਨਾਲ ਸਨਮਾਨਿਤ ਪਿੰਡ ਚੱਪੜਚਿੜੀ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੇ ਵਾਹਨ ਵੀ ਨੁਕਸਾਨੇ ਜਾ ਰਹੇ ਹਨ। ਕਰੀਬ ਦੋ ਕਿੱਲੋਮੀਟਰ ਦੀ ਇਸ ਸੜਕ ’ਤੇ ਅੰਦਾਜ਼ਨ 300 ਤੋਂ ਵੱਧ ਡੂੰਘੇ ਖੱਡੇ ਪਏ ਹੋਏ ਹਨ। ਨਾ ਪਹਿਲਾਂ ਕਾਂਗਰਸ ਸਰਕਾਰ ਅਤੇ ਨਾ ਹੀ ਹੁਣ ਆਪ ਸਰਕਾਰ ਸੜਕ ਨਿਰਮਾਣ ਲਈ ਗੰਭੀਰ ਹੈ।
ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ, ਨੰਬਰਦਾਰ ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਇਸ ਪਿੰਡ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। ਸੜਕ ਬੂਰੀ ਤਰ੍ਹਾਂ ਟੁੱਟ ਜਾਣ ਕਾਰਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਲੋਕ ਹੁਕਮਰਾਨਾਂ ਨੂੰ ਕੋਸ ਰਹੇ ਹਨ ਅਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ 13 ਮਈ ਨੂੰ ਮਨਾਏ ਜਾਣ ਵਾਲੇ ਸਰਹਿੰਦ ਫਤਿਹ ਦਿਵਸ ਤੋਂ ਪਹਿਲਾਂ-ਪਹਿਲਾਂ ਸੜਕ ਬਣਾਈ ਜਾਵੇ।
ਜੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਤਤਕਾਲੀ ਰਾਜਪਾਲ ਐਸਐਸ ਰੇਅ ਵੱਲੋਂ ਚੱਪੜਚਿੜੀ ਨੂੰ ਬੈੱਸਟ ਵਿਲੇਜ ਅਤੇ ਉਨ੍ਹਾਂ ਨੂੰ ਸਰਬੋਤਮ ਸਰਪੰਚ ਦਾ ਖ਼ਿਤਾਬ ਦੇ ਕੇ ਨਿਵਾਜਿਆ ਗਿਆ ਸੀ ਲੇਕਿਨ ਅਜੋਕੇ ਸਮੇਂ ਵਿੱਚ ਸੜਕ ਦੀ ਹਾਲਤ ਐਨੀ ਮਾੜੀ ਹੈ ਕਿ ਇੱਥੋਂ ਵਾਹਨ ਲੈ ਕੇ ਤਾਂ ਕੀ ਪੈਦਲ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਲਾਂਡਰਾਂ ਜੰਕਸ਼ਨ ’ਤੇ ਜਾਮ ਵਿੱਚ ਫਸਣ ਤੋਂ ਬਚਨ ਲਈ ਜ਼ਿਆਦਾਤਰ ਲੋਕ ਇੱਥੋਂ ਲੰਘਦੇ ਹਨ। ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬੇ ਦੀ ਵਾਗਡੋਰ ਗਲਤ ਬੰਦਿਆਂ ਦੇ ਹੱਥ ਹੈ। ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ।
ਨੰਬਰਦਾਰ ਮਨਪ੍ਰੀਤ ਸਿੰਘ ਨੇ ਇਸ ਸੜਕ ’ਤੇ ਚਾਰ ਸਕੂਲ ਹਨ ਅਤੇ ਰੋਜ਼ਾਨਾ ਸੈਂਕੜੇ ਬੱਚੇ ਅਤੇ ਮੁਲਾਜ਼ਮ ਇੱਥੋਂ ਲੰਘਦੇ ਹਨ। ਉੱਚ ਅਫ਼ਸਰਾਂ ਅਤੇ ਸਿਆਸੀ ਆਗੂਆਂ ਨੂੰ ਅਨੇਕਾਂ ਬਾਰ ਦੱਸ ਚੁੱਕੇ ਹਨ ਲੇਕਿਨ ਕਿਸੇ ਨੇ ਧਿਆਨ ਨਹੀਂ ਦਿੱਤਾ। ਦਵਿੰਦਰ ਸਿੰਘ ਨੇ ਕਿਹਾ ਕਿ ਜੰਗੀ ਯਾਦਗਾਰ ਕਾਰਨ ਚੱਪੜਚਿੜੀ ਵਿਸ਼ਵ ਪੱਧਰ ’ਤੇ ਮਸ਼ਹੂਰ ਹੈ ਪਰ ਹਾਲਤ ਬਦਤਰ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਹਿੰਦ ਫਤਿਹ ਦਿਵਸ ਤੋਂ ਪਹਿਲਾਂ ਸੜਕ ਬਣਾਈ ਜਾਵੇ ਕਿਉਂਕਿ ਇੱਥੋਂ ਅਲੌਕਿਕ ਨਗਰ ਕੀਰਤਨ ਨੇ ਲੰਘਣਾ ਹੈ।

ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਤੋਂ ਆਪ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਦੋ ਕੁ ਦਿਨ ਪਹਿਲਾਂ ਹੀ ਚੱਪੜਚਿੜੀ ਦੀ ਖਸਤਾ ਹਾਲਤ ਸੜਕ ਬਾਰੇ ਮਾਮਲਾ ਉਨ੍ਹਾਂ ਦੇ ਧਿਆਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪੀਡਬਲਿਊਡੀ ਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਕੰਮ ’ਤੇ ਆਉਣ ਵਾਲੇ ਖ਼ਰਚੇ ਸਬੰਧੀ ਐਸਟੀਮੇਟ ਤਿਆਰ ਕਰਕੇ ਭੇਜਿਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਰਹਿੰਦ ਫਤਿਹ ਦਿਵਸ ਤੋਂ ਪਹਿਲਾਂ ਸੜਕ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਨਗਰ ਕੀਰਤਨ ਦੌਰਾਨ ਸੰਗਤ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…