nabaz-e-punjab.com

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਪ੍ਰਬੰਧਾਂ ਲਈ ਨੋਡਲ ਅਫ਼ਸਰ ਨਿਯੁਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਕਰੋਨਾ ਮਹਾਮਾਰੀ ਦੇ ਲਗਾਤਾਰ ਵੱਧ ਰਹੇ ਨਵੇਂ ਮਾਮਲਿਆਂ ਦੇ ਨਾਨ-ਨਾਲ ਪੀੜਤ ਮਰੀਜ਼ਾਂ ਦੀ ਮੌਤ ਦਰ ਵੀ ਵਧ ਰਹੀ ਹੈ। ਜਿਸ ਕਾਰਨ ਕਰੋਨਾ ਪੀੜਤ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਬਹੁਤ ਜ਼ਰੂਰੀ ਹਨ ਤਾਂ ਜੋ ਇਸ ਸਬੰਧੀ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਜਾ ਸਕੇ। ਅੱਜ ਸ਼ਾਮ ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਕੰਮ ਮੁਕੰਮਲ ਕਰਨ ਲਈ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਗਿਰੀਸ਼ ਵਰਮਾ (98727-30514) ਨੂੰ ਮੁਹਾਲੀ ਜ਼ਿਲ੍ਹੇ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਮਹਾਮਾਰੀ ਕਾਰਨ ਸਥਿਤੀ ਗੰਭੀਰ ਹੋਣ ਦੀ ਸੂਰਤ ਵਿੱਚ ਕਰੋਨਾ ਪੀੜਤ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਦੀ ਸਮਰਥਾ ਵਿੱਚ ਵਾਧਾ ਕਰਨ ਦੀ ਵਧੇਰੇ ਲੋੜ ਹੋ ਸਕਦੀ ਹੈ। ਇਸ ਸਬੰਧੀ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨੋਡਲ ਅਫ਼ਸਰ ਵੱਲੋਂ ਮ੍ਰਿਤਕਾਂ ਦੇ ਸੰਸਕਾਰ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਇੱਕ ਹੈਲਪਲਾਈਨ ਨੰਬਰ (ਸਮੇਤ ਵਟਸਐਪ) ਲਗਾਇਆ ਜਾਵੇਗਾ। ਇਸ ਫੋਨ ਨੰਬਰ ’ਤੇ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਕਾਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਸਬੰਧਤ ਧਿਰਾਂ ਨਾਲ ਤਾਲਮੇਲ ਕਰਕੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੇ ਨੁਮਾਇੰਦਿਆਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕਰਕੇ ਅੰਤਿਮ ਸੰਸਕਾਰ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਜੇਕਰ ਮ੍ਰਿਤਕ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹੋਵੇ ਅਤੇ ਉਸ ਦੀ ਮੌਤ ਹੋਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਜੱਦੀ ਜ਼ਿਲ੍ਹੇ ਵਿੱਚ ਕਰਨ ਲਈ ਬਣਦੇ ਪ੍ਰਬੰਧ ਕੀਤੇ ਜਾਣਗੇ। ਮ੍ਰਿਤਕਾਂ ਦੇ ਸੰਸਕਾਰ ਕਰਨ ਲਈ ਸਿਹਤ ਵਿਭਾਗ ’ਤੇ ਜ਼ਿਆਦਾ ਬੋਝ ਨਹੀਂ ਪਾਇਆ ਜਾਵੇਗਾ ਕਿਉਂਕਿ ਉਹ ਪਹਿਲਾਂ ਹੀ ਕੇਵਿਡ 19 ਸੰਬੰਧੀ ਡਿਊਟੀਆਂ ਵਿੱਚ ਮਸ਼ਰੂਫ ਹਨ ਅਤੇ ਇਹ ਸਾਰੇ ਪ੍ਰਬੰਧ ਨੋਡਲ ਅਫਸਰ ਵੱਲੋਂ ਆਪਣੇ ਪੱਧਰ ਤੇ ਹੀ ਕਰਵਾਏ ਜਾਣਗੇ।
ਜ਼ਿਲ੍ਹੇ ਵਿੱਚ ਸਥਿਤ ਸ਼ਮਸ਼ਾਨਘਾਟਾਂ ਦੀ ਸਮਰੱਥਾ ਨੂੰ ਲੋੜ ਅਨੁਸਾਰ ਵਧਾਉਣ ਲਈ ਕਾਰਵਾਈ ਨੋਡਲ ਅਫ਼ਸਰ ਵੱਲੋਂ ਕੀਤੀ ਜਾਵੇ ਤਾਂ ਜੋ ਮ੍ਰਿਤਕਾ ਦਾ ਸਸਕਾਰ ਸਮੇਂ ਸਿਰ ਕੀਤਾ ਜਾ ਸਕੇ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਕੋਈ ਰੋਸ ਪੈਦਾ ਨਾ ਹੋਵੇ। ਇਸ ਕੰਮ ਲਈ ਜ਼ਿਲ੍ਹੇ ਦੇ ਸਾਰੇ ਕਾਰਜਸਾਧਕ ਅਫ਼ਸਰ/ਬੀਡੀਪੀਓ ਨੋਡਲ ਅਫ਼ਸਰ ਨੂੰ ਬਣਦਾ ਸਹਿਯੋਗ ਦੇਣਾ ਯਕੀਨੀ ਬਣਾਉਣਗੇ। ਸਾਰੇ ਸ਼ਮਸ਼ਾਨਘਾਟਾਂ ਦੀ ਲਿਸਟ ਪ੍ਰਮੁੱਖ ਥਾਵਾਂ ’ਤੇ ਲਗਾਈ ਜਾਵੇ ਤਾਂ ਜੋ ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨੋਡਲ ਅਫ਼ਸਰ, ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨਗੇ ਅਤੇ ਸਿਵਲ ਸਰਜਨ ਵੀ ਇਸ ਸਬੰਧੀ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨਗੇ ਤਾਂ ਜੋ ਮ੍ਰਿਤਕ ਸਰੀਰ ਤੋਂ ਅੱਗੇ ਸੰਕਰਮਣ ਦਾ ਖਤਰਾ ਨਾ ਹੋ ਸਕੇ। ਨੋਡਲ ਅਫ਼ਸਰ ਮ੍ਰਿਤਕ ਦੇ ਸੰਸਕਾਰ ਸਮੇਂ ਭਾਰਤ ਸਰਕਾਰ/ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣਗੇ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…