
ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਦੀ ਸਾਂਭ-ਸੰਭਾਲ ਲਈ ਬੇਲਰ ਤੇ ਰੇਕਰ ਮਸ਼ੀਨਾਂ ਲੈਣ ਲਈ ਅਰਜ਼ੀਆਂ ਮੰਗੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਦੀ ਸਹਾਇਤਾ ਨਾਲ ਪਰਾਲੀ ਦੀ ਸਾਂਭ-ਸੰਭਾਲ ਹਿੱਤ ਸੀਈਆਰ ਫੰਡ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਤਿੰਨ ਬੇਲਰ ਅਤੇ ਤਿੰਨ ਰੇਕਰ ਕਿਸਾਨ/ਕਿਸਾਨ ਗਰੁੱਪਾਂ/ਗਰਾਮ ਪੰਚਾਇਤਾਂ/ਸਹਿਕਾਰੀ ਸਭਾਵਾਂ ਨੂੰ ਸੀਆਰਐਮ ਸਕੀਮ ਤਹਿਤ 50 ਪ੍ਰਤੀਸ਼ਤ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ 30 ਮਈ ਤੱਕ ਚਾਹਵਾਨ ਕਿਸਾਨਾਂ ਤੋਂ ਅਰਜ਼ੀਆਂ ਮੰਗੀਆ ਗਈਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਲ 2023 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਬੇਲਰ ਅਤੇ ਰੇਕਰ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਬਣਾਇਆ ਗਿਆ ਹੈ। ਉਹ ਕਿਸਾਨ/ਕਿਸਾਨ ਗਰੁੱਪ/ਗਰਾਮ ਪੰਚਾਇਤਾਂ ਅਤੇ ਸਹਿਕਾਰੀ ਸਭਾਂਵਾ ਜੋ ਪਰਾਲੀ ਦੀਆਂ ਗੰਢਾਂ ਬਣਾਉਣ ਦੇ ਚਾਹਵਾਨ ਹਨ, ਉਨ੍ਹਾਂ ਕੋਲੋਂ 30 ਮਈ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਜਿੱਥੇ ਕਿਸਾਨ ਆਪਣੇ ਖੇਤਾਂ ਦੀ ਪਰਾਲੀ ਦੀਆਂ ਗੰਢਾਂ ਬਣਾਉਣਗੇ ਅਤੇ ਨਾਲ ਹੀ ਹੋਰ ਲੋੜਵੰਦ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਇਕੱਠੀ ਕਰਕੇ ਗੰਢਾਂ ਤਿਆਰ ਕਰਨ ਅਤੇ ਸਬੰਧਤ ਫਰਮਾਂ ਨੂੰ ਸਪਲਾਈ ਕਰਨਗੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਨੇ ਅਪੀਲ ਕੀਤੀ ਕਿ ਜਿਹੜੇ ਚਾਹਵਾਨ ਕਿਸਾਨ/ਕਿਸਾਨ ਗਰੁੱਪ/ ਗਰਾਮ ਪੰਚਾਇਤਾਂ/ਸਹਿਕਾਰੀ ਸਭਾਵਾਂ ਬੇਲਰ ਅਤੇ ਰੇਕਰ ਲੈਣਾ ਚਾਹੁੰਦੇ ਹਨ, ਉਹ ਆਪਣੀਆਂ ਅਰਜ਼ੀਆਂ ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਦੇ ਦਫ਼ਤਰ ਵਿੱਚ 30 ਮਈ 2023 ਤੱਕ ਦੇ ਸਕਦੇ ਹਨ।