
ਜ਼ਿਲ੍ਹਾ ਪ੍ਰਸ਼ਾਸਨ ਨੇ ਹਾਕੀ ਸਟੇਡੀਅਮ ਵਿੱਚ ਮਨਾਇਆ ਅੰਤਰ-ਰਾਸ਼ਟਰੀ ਯੋਗ ਦਿਵਸ
ਸਿਹਤਮੰਦ ਜ਼ਿੰਦਗੀ ਜਿਊਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ: ਅਮਿਤ ਤਲਵਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਅੱਜ ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਵਿੱਚ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਦਫ਼ਤਰ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਖਿਡਾਰੀਆਂ, ਸੀਨੀਅਰ ਸਿਟੀਜਨਾਂ, ਵੱਖ-ਵੱਖ ਵਿਭਾਗਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਸਿਹਤਮੰਦ ਜ਼ਿੰਦਗੀ ਜਿਊਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੀ ਭੱਜ ਨੱਠ ਦੀ ਜ਼ਿੰਦਗੀ ਵਿੱਚ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜ ਰਹੀਆਂ ਹਨ, ਜਿਨ੍ਹਾਂ ਨੂੰ ਸਿਰਫ਼ ਯੋਗ ਨਾਲ ਦੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਜਿੱਥੇ ਯੁਵਾ ਪੀੜੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ, ਉੱਥੇ ਖ਼ੁਦ ਵੀ ਯੋਗ ਆਸਣ ਕੀਤੇ ਗਏ।

ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਏਡੀਸੀ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਐਸਡੀਐਮ ਹਰਬੰਸ ਸਿੰਘ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾਂ\ਕਾਲਜਾਂ ਦੇ ਵਿਦਿਆਰਥੀ ਨੇ ਵੀ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਆਯੁਰਵੈਦਿਕ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਯੋਗ ਆਸਣ ਕਰਵਾਏ ਅਤੇ ਯੋਗ ਵਿਧੀਆਂ ਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਯੋਗ ਸਾਡੀ ਪੁਰਾਤਨ ਸਭਿਅਤਾ ਅਤੇ ਰਿਸ਼ੀਆਂ-ਮੁਨੀਆਂ ਦੀ ਮਹਾਨ ਦੇਣ ਹੈ। ਉਨ੍ਹਾਂ ਕਿਹਾ ਕਿ ਅਜੋਕੀ ਦੌੜ-ਭੱਜ ਦੀ ਜ਼ਿੰਦਗੀ ਵਿੱਚ ਯੋਗ ਆਸਣਾਂ ਰਾਹੀਂ ਅਸੀਂ ਤਣਾਅ ਮੁਕਤ ਹੋ ਸਕਦੇ ਹਾਂ।