
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਐਡਵਾਈਜ਼ਰੀ ਜਾਰੀ
ਨਬਜ਼-ਏ-ਪੰਜਾਬ, ਮੁਹਾਲੀ, 23 ਦਸੰਬਰ:
ਦੇਸ਼ ਦੇ ਕਈ ਸੂਬਿਆਂ ਅਤੇ ਯੂਟੀਜ਼ ਵਿੱਚ ਨਵੇਂ ਰੂਪ ਜੇਐਨ-1 ਦੇ ਨਾਲ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸਮੂਹ ਨਾਗਰਿਕਾਂ ਨੂੰ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਅਤੇ ਬੰਦ ਥਾਵਾਂ ’ਤੇ ਮਾਸਕ ਪਾਉਣ ਦੀ ਅਪੀਲ ਕੀਤੀ। ਡਾਕਟਰਾਂ, ਪੈਰਾਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਲਾਜ਼ਮੀ ਤੌਰ ’ਤੇ ਮਾਸਕ ਪਹਿਨਣ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ।
ਇਸੇ ਤਰ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਵੀ ਮਾਸਕ ਪਾਉਣ ਸਮੇਤ ਹਸਪਤਾਲਾਂ ਵਿੱਚ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਛਿੱਕ ਮਾਰਨ ਅਤੇ ਖੰਘਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ/ਟਿਸ਼ੂ ਜਾਂ ਕੂਹਣੀ ਦੇ ਜੋੜ ਨਾਲ ਢੱਕਣ ਅਤੇ ਵਰਤੋਂ ਕੀਤੇ ਟਿਸ਼ੂਆਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਵਿੱਚ ਸੁੱਟ ਦੇਣ। ਉਨ੍ਹਾਂ ਕਿਹਾ ਕਿ ਤਰਜੀਹੀ ਤੌਰ ’ਤੇ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਤੇ ਜਾਣ ਜਾਂ ਅਲਕੋਹਲ ਆਧਾਰਿਤ ਹੈਂਡ ਰਬ (ਸੈਨੇਟਾਈਜ਼ਰ) ਦੀ ਵਰਤੋਂ ਕੀਤੀ ਜਾਵੇ। ਜੇਕਰ ਹੱਥ ਸਾਫ਼ ਵੀ ਦਿਖਾਈ ਦੇਣ, ਤਾਂ ਵੀ ਹੱਥ ਧੋਏ ਜਾਣ। ਲੋਕਾਂ ਨੂੰ ਸਾਹ ਨਾਲ ਸਬੰਧਤ ਲੱਛਣਾਂ ਤੋਂ ਪੀੜਤ ਹੋਣ ’ਤੇ ਨਿੱਜੀ ਸੰਪਰਕ ਨੂੰ ਸੀਮਤ ਕਰਨ ਦੀ ਸਲਾਹ ਦਿੱਤੀ।
ਡੀਸੀ ਨੇ ਕਿਹਾ ਕਿ ਡਾਕਟਰ ਕੋਲ ਜਾਣ ਸਮੇਂ ਵੀ ਆਪਣੇ ਮੂੰਹ ਅਤੇ ਨੱਕ ਨੂੰ ਢੱਕਣ ਲਈ ਮਾਸਕ ਪਾਇਆ ਜਾਵੇ। ਉਨ੍ਹਾਂ ਕੋਵਿਡ ਵਰਗੇ ਲੱਛਣਾਂ ਦੀ ਜਲਦੀ ਰਿਪੋਰਟ ਕਰਨ ਅਤੇ ਕੋਵਿਡ ਅਤੇ ਫਲੂ ਲਈ ਟੈੱਸਟ ਕਰਵਾਉਣ ਦੀ ਤਾਕੀਦ ਕੀਤੀ ਗਈ ਹੈ। ਉਨ੍ਹਾਂ ਇੱਕ ਤੋਂ ਵਧੇਰੇ ਬੀਮਾਰੀਆਂ ਨਾਲ ਜੂਝਦੇ ਵਿਅਕਤੀਆਂ, ਗਰਭਵਤੀ ਅੌਰਤਾਂ ਅਤੇ ਬਜ਼ੁਰਗਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਭੀੜ-ਭੜੱਕੇ ਅਤੇ ਗੈਰ ਹਵਾਦਾਰ ਥਾਵਾਂ ਤੋਂ ਬਚਣ। ਉਨ੍ਹਾਂ ਕਿਹਾ ਕਿ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਆਪਣੇ ਹੱਥਾਂ ਨਾਲ ਛੂਹਣ ਤੋਂ ਗੁਰੇਜ਼ ਕੀਤਾ ਜਾਵੇ। ਜਨਤਕ ਥਾਵਾਂ ’ਤੇ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਸਾਹ ਸਬੰਧੀ ਕਿਸੇ ਵੀ ਮੁਸ਼ਕਲ/ਬੀਮਾਰੀ ਦੌਰਾਨ ਘਰੇਲੂ ਉਪਚਾਰ ਦੀ ਥਾਂ ਕਿਸੇ ਯੋਗ ਡਾਕਟਰ ਨਾਲ ਸੰਪਰਕ ਕੀਤਾ ਜਾਵੇ।