
ਜ਼ਿਲ੍ਹਾ ਪ੍ਰਸ਼ਾਸਨ ਨੇ 3 ਬਿੱਘੇ 2 ਬਿਸਵੇ ਸ਼ਾਮਲਾਤ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਾਈ
ਨਾਜਾਇਜ਼ ਕਬਜ਼ੇ ਤੋਂ ਛੁਡਾਈ ਜ਼ਮੀਨ ’ਤੇ ਸਕੂਲੀ ਬੱਚਿਆਂ ਲਈ ਪਾਰਕ ਬਣਾਇਆ ਜਾਵੇਗਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੀ ਦਿਨੇ ਬਲਾਕ ਡੇਰਾਬੱਸੀ ਵਿਖੇ ਅਧੀਨ ਪੈਂਦੇ ਪਿੰਡ ਰਾਮਗੜ੍ਹ ਰੁੜਕੀ ਵਿਖੇ 3 ਬਿੱਘੇ 2 ਬਿਸਵੇ ਸ਼ਾਮਲਾਤ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਖਾਲੀ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਸਥਾਨਕ ਪੁਲੀਸ ਦੀ ਅਗਵਾਈ ਹੇਠਲੀ ਟੀਮ ਨੇ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ 3 ਬਿਘੇ 2 ਬਿਸਵੇ ਸ਼ਾਮਲਾਤ ਜ਼ਮੀਨ ਨੂੰ ਕਬਜ਼ੇ ‘ਚ ਲੈ ਲਿਆ ਹੈ। ਹੁਣ ਅਗਲੀ ਕਾਰਵਾਈ ਲਈ ਪਿੰਡ ਦੀ ਪੰਚਾਇਤ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਨਾਲ ਹੀ ਸਰਕਾਰੀ ਸਕੂਲ ਦੀ ਹੱਦ ਲੱਗਦੀ ਹੈ ਅਤੇ ਸਕੂਲੀ ਬੱਚਿਆਂ ਅਤੇ ਪਿੰਡ ਵਾਲਿਆਂ ਦੀ ਸਹੂਲਤ ਲਈ ਇਸ ਜਗ੍ਹਾ ਤੇ ਪੰਚਾਇਤ ਵਲੋਂ ਪਾਰਕ ਦੀ ਉਸਾਰੀ ਕਰਵਾਈ ਜਾਵੇਗੀ।
ਸ੍ਰੀ ਅਮਿਤ ਤਲਵਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਚਾਇਤੀ ਜ਼ਮੀਨਾਂ ਤੋਂ ਹਰ ਤਰ੍ਹਾਂ ਦਾ ਕਬਜ਼ਾ ਛੁਡਵਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵਿੱਚ ਹੋਰ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਵੀ ਰਸਮੀ ਕਾਰਵਾਈਆਂ ਪੂਰੀਆਂ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਪਹਿਲਾਂ ਹੀ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਲੋਕਾਂ ਨੂੰ 31 ਮਈ ਤੱਕ ਜ਼ਮੀਨ ਵਾਪਸ ਨਾ ਕਰਨ ਦੀ ਸੂਰਤ ਵਿੱਚ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੋਈ ਹੈ। ਇਸ ਮੌਕੇ ਕਾਰਵਾਈ ਕਰਦਿਆਂ ਬੀਡੀਪੀਓ ਰਮੇਸ਼ ਕੁਮਾਰ, ਐਸਸੀਪੀਓ ਪ੍ਰਦੀਪ ਕੁਮਾਰ, ਗੁਰਮੁੱਖ ਸਿੰਘ ਸੰਮਤੀ ਪਟਵਾਰੀ, ਪੰਚਾਇਤ ਸਕੱਤਰ ਗੁਰਵਿੰਦਰ ਸਿੰਘ, ਮੰਗਤ ਸਿੰਘ, ਵਿਕਰਾਂਤ ਸਿੰਘ ਮਾਲ ਵਿਭਾਗ ਤੋਂ ਕਾਨੂੰਗੋਈ ਚਤਰਪਾਲ ਸਿੰਘ, ਪਟਵਾਰੀ ਸ਼ਾਮ ਸਿੰਘ ਅਤੇ ਸਰਪੰਚ ਤੇ ਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।