
ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਸਥਿਤੀ ਨੂੰ ਟਾਲਣ ਲਈ ਪੂਰੀ ਤਨਦੇਹੀ ਨਾਲ ਮੈਦਾਨ ’ਚ ਡਟਿਆ
ਡੀਸੀ ਆਸ਼ਿਕਾ ਜੈਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਟੀਮ ਨੂੰ ਚੌਕਸ ਰੱਖਣ ਚ ਕੀਤੀ ਅਗਵਾਈ
ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਮੁਹਾਲੀ ਪ੍ਰਸ਼ਾਸਨ ਸ਼ਨਿੱਚਰਵਾਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੂਰੀ ਤਰ੍ਹਾਂ ਮੁਸਤੈਦ ਰਿਹਾ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਪ ਮੰਡਲ (ਸਬ ਡਵੀਜ਼ਨ) ਟੀਮਾਂ ਨੇ ਅੱਜ ਸਵੇਰ ਤੋਂ ਹੀ ਬਾਰਸ਼ ਸ਼ੁਰੂ ਹੋਣ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਚੌਕਸ ਕਰ ਦਿੱਤਾ ਗਿਆ ਸੀ।
ਏਡੀਸੀ ਦਮਨਦੀਪ ਸਿੰਘ ਮਾਨ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਤਿਆਰੀਆਂ ’ਤੇ ਨੇੜਿਓਂ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ, ਜਦਕਿ ਏਡੀਸੀ (ਜਨਰਲ) ਪਰਮਦੀਪ ਸਿੰਘ ਅਤੇ ਡੀਆਰਓ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਪਾਣੀ ਦੇ ਸਰੋਤਾਂ ਅਤੇ ਵਹਾਅ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ। ਤਿੰਨੋਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਪਾਣੀ ਦੇ ਵਹਾਅ ਦੀ ਚੈਕਿੰਗ ਕਰਦੇ ਰਹਿਣ ਅਤੇ ਸ਼ਹਿਰੀ ਖੇਤਰਾਂ ’ਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਲਈ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ ਡੀਸੀ ਜੈਨ ਨੇ ਦੱਸਿਆ ਕਿ ਮੀਂਹ ਦੇ ਪਾਣੀ ਵਿੱਚ ਡੁੱਬੇ ਡੇਰਾਬੱਸੀ ਵਿੱਚ ਰੇਲਵੇ ਅੰਡਰਪਾਸ ਮੁਬਾਰਕਪੁਰ ਅਤੇ ਜਨੇਤਪੁਰ ਵਿੱਚ ਇੱਕ-ਇੱਕ ਫਾਇਰ ਬ੍ਰਿਗੇਡ ਤਾਇਨਾਤ ਕਰਕੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਦੋਵੇਂ ਅੰਡਰਪਾਥਾਂ ਨੂੰ ਚਾਲੂ ਰੱਖਣ ਲਈ ਮੀਂਹ ਦਾ ਪਾਣੀ ਪੰਪਾਂ ਰਾਹੀਂ ਬਾਹਰ ਕੱਢਿਆ ਗਿਆ।
ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਵਿੱਚ ਜੇਸੀਬੀ, ਟਰੈਕਟਰ ਟਰਾਲੀਆਂ, ਮੱਡ ਪੰਪ, ਪਾਣੀ ਖਿੱਚਣ ਵਾਲੇ ਟੈਂਕਰ, ਸਟੀਲ ਦੇ ਪੀਣ ਵਾਲੇ ਪਾਣੀ ਦੇ ਟੈਂਕਰ ਅਤੇ ਜੈਟਿੰਗ ਮਸ਼ੀਨਾਂ ਐਮਰਜੈਂਸੀ ਸੇਵਾਵਾਂ ਵਿੱਚ ਰਾਹਤ ਪਹੁੰਚਾਉਣ ਲਈ ਉਪਲਬਧ ਰੱਖੀਆਂ ਗਈਆਂ। ਡੀਸੀ ਅਨੁਸਾਰ ਖਰੜ ਵਿੱਚ, ਲਾਂਡਰਾ ਰੋਡ ’ਤੇ ਇੱਕ ਇਮਾਰਤ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੀਆਂ ਸੜਕਾਂ ਤੋਂ ਬਾਰਸ਼ੀ ਪਾਣੀ ਦੀ ਨਿਕਾਸੀ ਲਈ ਛੇ ਟਰੈਕਟਰਾਂ ਸਮੇਤ 12 ਪੰਪਾਂ ਨੂੰ ਲਗਾਇਆ ਗਿਆ ਹੈ।
ਸ੍ਰੀਮਤੀ ਜੈਨ ਨੇ ਇਹ ਵੀ ਕਿਹਾ ਕਿ ਪਿੰਡ ਟਿਵਾਣਾ ਵਿੱਚ ਘੱਗਰ ਦੇ ਨਾਜ਼ੁਕ ਪੁਆਇੰਟ ਜਿੱਥੇ ਇਹ ਤਿੱਖਾ ਮੋੜ ਲੈਂਦਾ ਹੈ, ਦੀ ਵੀ ਡਰੇਨੇਜ, ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਰੇਤ ਦੀਆਂ ਬੋਰੀਆਂ ਤਿਆਰ ਰੱਖ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਤੁਰੰਤ ਨਜਿੱਠਿਆ ਜਾ ਸਕੇ।

ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਸਾਰੇ ਐਸਡੀਐਮਜ਼ ਅਤੇ ਈਓਜ਼ ਅਤੇ ਬੀਡੀਪੀਓਜ਼ ਹੜ੍ਹਾਂ ਦੀ ਰੋਕਥਾਮ ਲਈ ਆਪੋ-ਆਪਣੇ ਖੇਤਰਾਂ ਦੀ ਜਾਂਚ ਕਰਨ ਦੇ ਨਾਲ-ਨਾਲ ਪ੍ਰਭਾਵਿਤ/ਨਾਜ਼ੁਕ ਖੇਤਰਾਂ ਵਿੱਚ ਪੰਪਿੰਗ ਮਸ਼ੀਨਾਂ ਤਾਇਨਾਤ ਕਰਨ ਅਤੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਲੋੜ ਅਨੁਸਾਰ ਹੋਰ ਰੋਕਥਾਮ ਉਪਾਅ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਤੋਂ ਬਾਅਦ ਘੱਗਰ ਦੇ ਭਾਖਰਪੁਰ ਗੇਜ਼ ਅਤੇ 4 ਫੁੱਟ ਦਾ ਵਹਾਅ ਦਰਜ ਕੀਤਾ ਗਿਆ ਜੋ ਕਿ ਹੜ੍ਹ (ਲੋਅ ਫ਼ਲੱਡ) ਦੇ ਨਿਸ਼ਾਨ ਭਾਵ 7 ਫੁੱਟ ਤੋਂ ਕਾਫ਼ੀ ਹੇਠਾਂ ਹੋਣ ਕਾਰਨ ਖ਼ਤਰੇ ਵਾਲੀ ਕੋਈ ਗੱਲ ਨਹੀਂ।