ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜ਼ਿਲ੍ਹਾ ਪ੍ਰਸ਼ਾਸਨ

ਡੀਸੀ ਆਸ਼ਿਕਾ ਜੈਨ ਨੇ ਸਮੂਹ ਐਸਡੀਐਮਜ਼ ਅਤੇ ਪੁਲੀਸ ਅਧਿਕਾਰੀਆਂ ਨੂੰ ਦਿੱਤੇ ਸਪੱਸ਼ਟ ਨਿਰਦੇਸ਼

ਡਿਊਟੀ ’ਚ ਲਾਪਰਵਾਹੀ ਕਰਨ ਵਾਲੇ ਨੋਡਲ ਅਫ਼ਸਰਾਂ ਤੇ ਐਸਐਚਓਜ਼ ਖ਼ਿਲਾਫ਼ ਅਦਾਲਤ ’ਚ ਕੀਤੇ ਜਾਣਗੇ ਕੇਸ

ਐੱਸਐੱਸਪੀ ਤੇ ਹੋਰ ਅਧਿਕਾਰੀਆਂ ਨਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਬਾਰੇ ਕੀਤੀ ਸਮੀਖਿਆ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਬੀਤੇ ਦਿਨੀਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਤਵਾਰ ਨੂੰ ਐੱਸਐੱਸਪੀ ਦੀਪਕ ਪਾਰਿਕ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਸਖ਼ਤ ਸੰਕੇਤ ਦਿੰਦਿਆਂ ਕਿਹਾ ਕਿ ਹੁਣ ਤੋਂ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲੇ ਨੋਡਲ ਅਫ਼ਸਰਾਂ ਅਤੇ ਸਬੰਧਤ ਐਸਐਚਓਜ਼/ਬੀਟ ਅਫ਼ਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ਵਿੱਚ ਕੇਸ ਦਾਇਰ ਕੀਤੇ ਜਾਣਗੇ।
ਚੋਣ ਕਮਿਸ਼ਨਰ ਨੇ ਆਪਣੇ ਤਾਜ਼ਾ ਆਦੇਸ਼ ਵਿੱਚ ਕਿਹਾ ਹੈ, ‘‘ਸੈਕਸ਼ਨ ਐਲ 4(2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ, ਪੰਜਾਬ, ਹਰਿਆਣਾ, ਐਨਸੀਆਰ ਰਾਜਸਥਾਨ ਅਤੇ ਯੂਪੀ ਅਤੇ ਦਿੱਲੀ ਦੇ ਐਨਸੀਟੀ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ/ਜ਼ਿਲ੍ਹਾ ਕੁਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਵੱਖ-ਵੱਖ ਪੱਧਰਾਂ ਅਤੇ ਸਟੇਸ਼ਨਾਂ ’ਤੇ ਤਾਇਨਾਤ ਨੋਡਲ ਅਫ਼ਸਰ, ਸੁਪਰਵਾਈਜ਼ਰੀ ਅਫ਼ਸਰ ਅਤੇ ਐਸਐਚਓਜ਼ ਜੋ ਇਨ੍ਹਾਂ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਦੀ ਅਯੋਗਤਾ ਸਬੰਧੀ ਜੁਡੀਸ਼ਲ ਮੈਜਿਸਟਰੇਟ ਕੋਲ ਸ਼ਿਕਾਇਤ/ਮੁਕੱਦਮਾ ਦਰਜ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ।’’
ਡੀਸੀ ਆਸ਼ਿਕਾ ਜੈਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਅਧਿਕਾਰੀਆਂ ਨੂੰ ਸੁਪਰੀਮ ਕੋਰਟ, ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ’ਤੇ ਜਵਾਬ ਦਾਇਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਐਸਡੀਐਮਜ਼ ਨੂੰ ਕਿਸਾਨਾਂ ਤੱਕ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਡੀਸੀ ਨੇ ਐੱਸਐੱਸਪੀ ਨੂੰ ਫੀਲਡ ਪੁਲੀਸ ਅਫ਼ਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਖੇਤ ਮਾਲਕਾਂ ਦੇ ਵਿਰੋਧ ਨੂੰ ਰੋਕਣ ਅਤੇ ਅੱਗ ਬੁਝਾਉਣ ਲਈ ਫਾਇਰ ਟੈਂਡਰਾਂ ਨਾਲ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਡੀਸੀ ਨੂੰ ਫੀਲਡ ਪੁਲੀਸ ਅਫ਼ਸਰਾਂ ਦੀ ਸਰਗਰਮ ਭਾਗੀਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਐਸਐਚਓਜ਼ ਅਤੇ ਬੀਟ ਅਫ਼ਸਰਾਂ ਨੂੰ ਫੌਰੀ ਹਦਾਇਤ ਕੀਤੀ ਜਾਵੇਗੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਨ।

ਮੀਟਿੰਗ ਵਿੱਚ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਏਡੀਸੀ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸਪੀ (ਸ਼ਹਿਰੀ) ਹਰਵੀਰ ਸਿੰਘ ਅਟਵਾਲ, ਐਸਡੀਐਮ ਦਮਨਦੀਪ ਕੌਰ, ਐਸਡੀਐਮ ਡੇਰਾਬੱਸੀ ਅਮਿਤ ਗੁਪਤਾ, ਐਸਡੀਐਮ ਖਰੜ ਗੁਰਮੰਦਰ ਸਿੰਘ, ਡਿਪਟੀ ਰਜਿਸਟਰਾਰ (ਸਹਿਕਾਰੀ ਸਭਾਵਾਂ) ਗੁਰਬੀਰ ਸਿੰਘ ਢਿੱਲੋਂ, ਕਾਰਜਕਾਰੀ ਇੰਜਨੀਅਰ ਰਣਤੇਜ ਸ਼ਰਮਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ

ਸਾਲਾਨਾ ਗੁਰਮਤਿ ਸਮਾਗਮ: ਦੂਜੇ ਦਿਨ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਨਬਜ਼-ਏ-ਪੰਜਾਬ, ਮੁਹਾਲੀ, 13…