ਜ਼ਿਲ੍ਹਾ ਪ੍ਰਸ਼ਾਸਨ ਪੇਚਸ਼ ਪੀੜਤਾਂ ਦੀ ਗਿਣਤੀ ਵਧਣ ਕਾਰਨ ਚਿੰਤਤ, ਡੀਸੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪ੍ਰਭਾਵਿਤ ਖੇਤਰਾਂ ਵਿੱਚ ਦਵਾਈਆਂ, ਕਲੋਰੀਨ ਗੋਲੀਆਂ ਤੇ ਓਆਰਐਸ ਪੈਕੇਟ ਵੰਡਣ ’ਤੇ ਜ਼ੋਰ

ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਾਂਝੇ ਯਤਨ ਕਰਨ ਵੱਖ-ਵੱਖ ਵਿਭਾਗ

ਪੇਚਸ਼ ਪੀੜਤ ਮਰੀਜ਼ਾਂ ਦੇ ਰੋਜ਼ਾਨਾ ਫਾਲੋ-ਅਪ ਲਈ ਸਬ ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਬਣਾਏ ਜਾਣਗੇ: ਡੀਸੀ

ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਸੰਵੇਦਨਸ਼ੀਲ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਪੈਲੇਟਸ (ਗੋਲੀਆਂ) ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ। ਅੱਜ ਇੱਥੇ ਉਨ੍ਹਾਂ ਨੇ ਏਡੀਸੀ (ਪੇਂਡੂ ਵਿਕਾਸ), ਏਡੀਸੀ (ਸ਼ਹਿਰੀ ਵਿਕਾਸ), ਜਨ ਸਿਹਤ (ਜਲ ਸਪਲਾਈ ਤੇ ਸੈਨੀਟੇਸ਼ਨ) ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਾਣੀ ਦੇ ਨਮੂਨੇ ਲੈਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡਣ ਜਾਇਜ਼ਾ ਲਿਆ।
ਮੁਹਾਲੀ ਜ਼ਿਲ੍ਹੇ ਵਿੱਚ ਪੇਚਸ ਦੇ ਵੱਧ ਰਹੇ ਕੇਸਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਿਹਤ ਸਾਵਧਾਨੀਆਂ ਤਹਿਤ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ (ਮੱਛਰਾਂ ਤੋਂ ਪੈਦਾ ਹੋਣ ਵਾਲੀਆਂ) ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਅਣਥੱਕ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਮੌਸਮ ਇਨ੍ਹਾਂ ਬਿਮਾਰੀਆਂ ਦੇ ਉਭਾਰ ਪ੍ਰਤੀ ਜ਼ਿਆਦਾ ਅਨੁਕੂਲ ਹੈ। ਉਨ੍ਹਾਂ ਡੀਡੀਪੀਓ ਨੂੰ ਹਦਾਇਤਾਂ ਦਿੱਤੀਆਂ ਕਿ ਪੰਚਾਇਤ ਸਕੱਤਰਾਂ ਰਾਹੀਂ ਜਲ ਸਪਲਾਈ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਸੰਵੇਦਨਸ਼ੀਲ ਰਿਹਾਇਸ਼ੀ ਬਸਤੀਆਂ ਜਾਂ ਪ੍ਰਭਾਵਿਤ ਖੇਤਰਾਂ ਵਿੱਚ ਘਰ-ਘਰ ਲੋੜੀਂਦੀ ਮਾਤਰਾ ਵਿੱਚ ਕਲੋਰੀਨ ਪੈਲੇਟ ਦੇਣਾ ਯਕੀਨੀ ਬਣਾਉਣ। ਇੱਕ ਗੋਲੀ 20 ਲੀਟਰ ਪਾਣੀ ਨੂੰ ਰੋਗਾਣੂ-ਮੁਕਤ ਕਰਨ ਲਈ ਕਾਫ਼ੀ ਹੈ, ਬਸ਼ਰਤੇ ਸੋਧੇ ਗਏ ਪਾਣੀ ਨੂੰ ਅੱਧੇ ਘੰਟੇ ਤੋਂ ਪਹਿਲਾਂ ਪੀਣ ਲਈ ਨਾ ਵਰਤਿਆ ਜਾਵੇ। ਇਸ ਤੋਂ ਇਲਾਵਾ, ਸਿਹਤ ਵਿਭਾਗ ਵੱਲੋਂ ਪੇਚਸ਼, ਹੈਜ਼ੇ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਪਤਾ ਲੱਗਣ ਤੋਂ ਬਾਅਦ ਫਾਲੋ-ਅਪ ਕੇਸਾਂ ਵਜੋਂ ਉਨ੍ਹਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਇਆ ਜਾਵੇਗਾ।
ਡੀਸੀ ਨੇ ਸਿਵਲ ਸਰਜਨ ਨੂੰ ਜ਼ੋਰ ਦੇ ਕੇ ਆਖਿਆ ਕਿ ਮਰੀਜ਼ ਠੀਕ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਹੋਰਨਾਂ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਹਰੇਕ ਸਬ ਡਵੀਜ਼ਨ ਵਿੱਚ ਐਸਡੀਐਮਜ਼ ਵੱਲੋਂ ਇੱਕ ਕੰਟਰੋਲ ਰੂਮ ਸਥਾਪਤ ਕਰਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੋਵਿਡ ਪ੍ਰੋਟੋਕੋਲ ਵਰਗੀ ਇੱਕ ਐਸਓਪੀ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰੇਕ ਕੰਟਰੋਲ ਰੂਮ ਵਿੱਚ ਦੋ ਅਪਰੇਟਰ ਹੋਣਗੇ ਜੋ ਮਰੀਜ਼ ਨੂੰ ਉਸਦੀ ਸਿਹਤ ਬਾਰੇ ਜਾਣਨ ਲਈ ਕਾਲ ਕਰਨਗੇ ਅਤੇ ਤੁਰੰਤ ਡਾਟਾ ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ।

ਉਧਰ, ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਬਲੌਂਗੀ, ਬੜਮਾਜਰਾ, ਜੁਝਾਰ ਨਗਰ ਸਮੇਤ ਹੋਰਨਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਓਆਰਐਸ ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਸਿਹਤ ਵਿਭਾਗ ਨੇ ਡੇਂਗੂ ਸਰਵੇ ਦਾ ਕੰਮ ਵੀ ਤੇਜ਼ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਜੁਝਾਰ ਨਗਰ ਸਮੇਤ ਵੱਖ-ਵੱਖ ਪ੍ਰਭਾਵਿਤ ਪਿੰਡਾਂ ਵਿੱਚ ਕਈ ਦਿਨਾਂ ਤੋਂ ਮੈਡੀਕਲ ਕੈਂਪ ਜਾਰੀ ਹਨ। ਜਿੱਥੇ ਪੀੜਤ ਲੋਕਾਂ ਦੀ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਅਤੇ ਓਆਰਐਸ ਦੇ ਪੈਕੇਟ ਵੰਡੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਉਬਾਲ ਕੇ ਵਰਤੋਂ ਵਿੱਚ ਲਿਆਉਣ ਅਤੇ ਖਾਣਾ ਖਾਣ ਅਤੇ ਤਿਆਰ ਕਰਨ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਏ ਜਾਣ।

Load More Related Articles

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…