ਜ਼ਿਲ੍ਹਾ ਪੁਲੀਸ ਵੱਲੋਂ ਬੰਦ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ, ਵੱਖ-ਵੱਖ ਥਾਣਿਆਂ ’ਚ 9 ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਮੁਹਾਲੀ ਪੁਲੀਸ ਨੇ ਬੰਦ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੀ 20 ਅਗਸਤ ਨੂੰ ਮਟੌਰ ਥਾਣੇ ਵਿੱਚ ਧਾਰਾ 457 ਅਤੇ 380 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਐਸਪੀ (ਸਿਟੀ) ਅਕਾਸ਼ਦੀਪ ਸਿੰਘ ਅੌਲਖ, ਡੀਐਸਪੀ (ਸਿਟੀ-1) ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ, ਏਅਰਪੋਰਟ ਥਾਣਾ ਦੇ ਐਸਐਚਓ ਗੱਬਰ ਸਿੰਘ ਅਤੇ ਹੌਲਦਾਰ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਸੀਸੀਟੀਵੀ ਕੈਮਰੇ ਦੀ ਫੁਟੋਜ਼ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਸ਼ਿਆਮ ਮੰਡਲ ਪਿੰਡ ਤੇ ਡਾਕ ਧੋਈ (ਬਿਹਾਰ) ਅਤੇ ਅਮਿਤ ਦੂਬੇ ਵਾਸੀ ਪਿੰਡ ਹਰਪੁਰ ਠੇਂਗਰਾਹੀ (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਆਜ਼ਾਦ ਨਗਰ, ਬਲੌਂਗੀ ਵਿੱਚ ਰਹਿ ਰਹੇ ਸੀ। ਜਦੋਂਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸਮਾਨ ਖ਼ਰੀਦਣ ਵਾਲੇ ਤਿੰਨ ਵਿਅਕਤੀਆਂ ਸੰਤੋਸ਼ ਕੁਮਾਰ, ਲੱਲਨ ਪ੍ਰਸ਼ਾਦ ਨੇੜੇ ਖੜਗਾ ਮੰਦਰ, ਦਰਬੰਗਾ (ਬਿਹਾਰ) ਅਤੇ ਅਜੈ ਮਾਹੀਪਾਲ ਵਾਸੀ ਰਾਜ ਕੁਮਾਰ ਗੰਜ, ਜ਼ਿਲ੍ਹਾ ਦਰਬੰਗਾ, (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਦਿਨ ਸਮੇਂ ਮੁਹਾਲੀ ਖੇਤਰ ਵਿੱਚ ਘੁੰਮ ਫਿਰ ਕੇ ਬੰਦ ਪਏ ਘਰਾਂ ਜਿਨ੍ਹਾਂ ’ਤੇ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੁੰਦਾ ਸੀ, ਦੀ ਰੈਕੀ ਕਰਦੇ ਸੀ ਅਤੇ ਰਾਤ ਨੂੰ ਮੌਕਾ ਦੇਖ ਕੇ ਬੰਦ ਘਰਾਂ ਨੂੰ ਨਿਸ਼ਾਨਾਂ ਬਣਾਉਂਦੇ ਸੀ। ਉਕਤ ਵਿਅਕਤੀ ਚੋਰੀ ਦੀ ਵਾਰਦਾਤ ਕਰਨ ਤੋਂ ਬਾਅਦ ਬਿਹਾਰ ਵਾਪਸ ਚਲੇ ਜਾਂਦੇ ਸਨ ਤਾਂ ਜੋ ਪੁਲੀਸ ਉਨ੍ਹਾਂ ਨੂੰ ਟਰੇਸ ਨਾ ਕਰ ਸਕੇ।
ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਕਰੀਬ 80 ਲੱਖ ਰੁਪਏ ਦੀ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਜਿਸ ਵਿੱਚ ਕਰੀਬ 76 ਤੋਲੇ ਸੋਨਾ ਅਤੇ ਡਾਇਮੰਡ ਦੇ ਗਹਿਣੇ, 661 ਗਰਾਮ ਚਾਂਦੀ ਦੇ ਗਹਿਣੇ, 11 ਲੱਖ ਰੁਪਏ ਦੀ ਨਗਦੀ, 6 ਹਜ਼ਾਰ ਅਮਰੀਕੀ ਡਾਲਰ, ਇੱਕ ਰਿਵਾਲਵਰ, ਚਾਰ ਜਿੰਦਾ ਕਾਰਤੂਸ, ਤਿੰਨ ਘੜੀਆਂ, ਇੱਕ ਮੋਟਰ ਸਾਈਕਲ, ਲੋਹੇ ਦੀ ਰਾਡ, ਪੇਚਕਸ, ਪਲਾਸ, ਪਿੱਠੂ ਬੈਗ, ਛੋਟੀ ਤੱਕੜੀ, ਵੱਟੇ ਆਦਿ ਸਮਾਨ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਖ਼ਿਲਾਫ਼ 6 ਸਤੰਬਰ 2019 ਨੂੰ ਬਲੌਂਗੀ ਥਾਣੇ ਵਿੱਚ ਧਾਰਾ 457,380 ਤੇ 411 ਅਧੀਨ ਕੇਸ ਦਰਜ। ਮਟੌਰ ਥਾਣੇ ਵਿੱਚ 5 ਪਰਚੇ ਦਰਜ, ਜਿਨ੍ਹਾਂ ਵਿੱਚ 11 ਅਕਤੂਬਰ 2015 ਨੂੰ 457 ਤੇ 380, 18 ਮਾਰਚ 2018 ਨੂੰ 457, 380, 392, 394 ਤੇ 411, 9 ਦਸੰਬਰ 2021 ਨੂੰ 457, 380, 506 ਅਤੇ 120ਬੀ, 25 ਫਰਵਰੀ 2022 ਨੂੰ 457 ਤੇ 380 ਅਤੇ 20 ਅਗਸਤ 2022 ਨੂੰ 457, 380, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ। ਥਾਣਾ ਫੇਜ਼-1 ਵਿੱਚ 17 ਅਗਸਤ 2019 ਨੂੰ ਧਾਰਾ 457 ਤੇ 380, ਖਰੜ ਸਿਟੀ ਥਾਣੇ ਵਿੱਚ 27 ਅਕਤੂਬਰ 2015 ਨੂੰ ਧਾਰਾ 379, 457, 380, 411, 454 ਅਤੇ 473 ਅਤੇ ਚੰਡੀਗੜ੍ਹ ਦੇ ਸੈਕਟਰ-36 ਥਾਣੇ ਵਿੱਚ 22 ਨਵੰਬਰ 2019 ਨੂੰ ਧਾਰਾ 457 ਤੇ 380 ਤਹਿਤ ਕੇਸ ਦਰਜ ਹੈ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…