ਜ਼ਿਲ੍ਹਾ ਪੁਲੀਸ ਵੱਲੋਂ ਫੈਕਟਰੀਆਂ ’ਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 18 ਸਤੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਫੈਕਟਰੀਆਂ ਵਿੱਚ ਪਾੜ ਲਗਾ ਕੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 6 ਮੁਲਜ਼ਮਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਾਜਨ ਤੇ ਰਾਹੁਲ ਦੋਵੇਂ ਵਾਸੀ ਰੱਤਪੁਰ ਕਲੋਨੀ (ਪੰਚਕੂਲਾ), ਵਿਸ਼ਾਲ ਤੇ ਹਜ਼ੂਰੀ ਵਾਸੀ ਬੰਗਾਲਾ ਬਸਤੀ ਕੁਰਾਲੀ, ਬਤਾਬ ਵਾਸੀ ਪਿੰਡ ਚੰਡੀ ਕੋਟਕਾ (ਪੰਚਕੂਲਾ) ਅਤੇ ਸੁਨੀਲ ਵਾਸੀ ਪਿੰਡ ਖੋਲੀ (ਪੰਚਕੂਲਾ) ਵਜੋਂ ਹੋਈ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫੈਕਟਰੀਆਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ 6 ਮੈਂਬਰੀ ਗਰੋਹ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਗੱਡੀ ਮਹਿੰਦਰਾ ਪਿੱਕਅੱਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬਰਾਮਦ ਕੀਤੀਆਂ ਗਈਆਂ ਹਨ।
ਐਸਪੀ ਸ੍ਰੀਮਤੀ ਯਾਦਵ ਨੇ ਦੱਸਿਆ ਕਿ ਉਕਤ ਮੁਲਜ਼ਮ ਖਰੜ ਅਤੇ ਕੁਰਾਲੀ ਇਲਾਕੇ ਵਿੱਚ ਫੈਕਟਰੀਆਂ ਵਿੱਚ ਪਾੜ ਲਗਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧੀ ਖਰੜ ਅਤੇ ਕੁਰਾਲੀ ਥਾਣਿਆਂ ਵਿੱਚ ਵੱਖ-ਵੱਖ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਸਬੰਧੀ ਬੀਤੀ 5 ਸਤੰਬਰ ਨੂੰ ਸੰਨੀ ਮਲਕ ਵਾਸੀ ਸੰਨੀ ਐਨਕਲੇਵ ਦੇ ਬਿਆਨਾਂ ’ਤੇ ਖਰੜ ਸਿਟੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ। ਇੰਜ ਹੀ ਕੁਰਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਪਿੰਡ ਸਿੰਘਪੁਰਾ ਵਿੱਚ 10 ਸਾਲ ਪਹਿਲਾਂ ਫੋਕਲ ਪੁਆਇੰਟ ਇੱਕ ਫੈਕਟਰੀ ਸ਼ਿਵਾ ਬੈਟਰੀ ਇੰਡਸਟਰੀਜ਼ ਲਗਾਈ ਸੀ। ਜਿੱਥੇ ਵੱਖ-ਵੱਖ ਐਮਪੇਅਰ ਦੀਆਂ ਬੈਟਰੀਆਂ ਬਣਦੀਆਂ ਹਨ। ਫੈਕਟਰੀ ਵਿੱਚ ਕਰੀਬ 25 ਮੁਲਾਜ਼ਮ ਕੰਮ ਕਰਦੇ ਹਨ ਅਤੇ ਦੋ ਸੁਰੱਖਿਆ ਗਾਰਡ ਵੀ ਦਿਨ ਅਤੇ ਰਾਤ ਡਿਊਟੀ ਕਰਦੇ ਹਨ। ਉਸਦੀ ਫੈਕਟਰੀ ਵਿੱਚ ਬੀਤੀ 4 ਤੇ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਦੀ ਪਿੱਛਲੀ ਕੰਧ ਵਿੱਚ 3 ਫੁੱਟ ਚੌੜਾ ਪਾੜ ਲਗਾ ਕੇ ਵੱਡੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਇਸ ਤੋਂ ਪਹਿਲਾਂ ਵੀ 14 ਅਗਸਤ ਨੂੰ ਰਾਤ ਸਮੇਂ ਉਕਤ ਵਿਅਕਤੀਆਂ ਨੇ ਦੂਜੀ ਕੰਧ ਨੂੰ ਪਾੜ ਲਗਾਕੇ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕੀਤੀਆਂ ਸਨ। ਜਿਨਾਂ ਦੀ ਕੀਮਤ ਕਰੀਬ 10 ਲੱਖ ਰੁਪਏ ਹੈ।

ਇਸੇ ਤਰ੍ਹਾਂ 14 ਸਤੰਬਰ ਨੂੰ ਏਕਮਨੂਰ ਸਿੰਘ ਬਰਾੜ ਵਾਸੀ ਸੈਕਟਰ-21ਏ, ਚੰਡੀਗੜ੍ਹ ਦੇ ਬਿਆਨਾਂ ’ਤੇ ਖਰੜ ਸਦਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਸ ਦੀ ਮਾਨਖੇੜੀ ਰੋਡ ਪਿੰਡ ਘੜੂੰਆਂ ਵਿੱਚ ਬਾਬਾ ਫਰੀਦ ਸਪੰਨ ਪਾਈਪ ਫੈਕਟਰੀ ਹੈ। ਉਸ ਦੀ ਫੈਕਟਰੀ ਵਿੱਚ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਫੈਕਟਰੀ ਦੀ ਕੰਧ ਨੂੰ ਪਾੜ ਲਗਾ ਕੇ ਢਾਈ ਲੱਖ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਨ੍ਹਾਂ ਨੇ ਪਿੰਡ ਬੰਨਮਾਜਰਾ ਜ਼ਿਲ੍ਹਾ ਰੂਪਨਗਰ ’ਚਂ ਵੀ ਲੋਹੇ ਦੀਆਂ ਚਾਦਰਾਂ ਚੋਰੀ ਕੀਤੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸਾਉਣੀ ਸੀਜ਼ਨ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਅਗੇਤੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਪੰਜਾਬ ਦੀਆਂ…