ਜ਼ਿਲ੍ਹਾ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 28 ਜੂਨ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਗੰਨ ਪੁਆਇੰਟ ’ਤੇ ਖੋਹੀਆਂ ਦੋ ਟੈਕਸੀ ਕਾਰਾਂ, ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ, ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰੋਹਿਤ ਸ਼ਰਮਾ ਵਾਸੀ ਪਿੰਡ ਦਿਉਣ ਨੇੜੇ ਬੱਸ ਅੱਡਾ, ਬਠਿੰਡਾ, ਮਨਪ੍ਰੀਤ ਸਿੰਘ ਉਰਫ਼ ਮੰਨੂ ਉਰਫ਼ ਗਿਆਨੀ ਵਾਸੀ ਗੁਰੂ ਨਾਨਕ ਬਸਤੀ, ਬਠਿੰਡਾ, ਯੋਗੇਸ਼ ਠਾਕੁਰ ਉਰਫ਼ ਯੁਵੀ ਵਾਸੀ ਨੇੜੇ ਵਾਟਰ ਬੱਸ ਪਿੰਡ ਫੁੱਲੋ ਮਿੱਠੀ, ਬਠਿੰਡਾ ਅਤੇ ਰਮਨਦੀਪ ਸਿੰਘ ਉਰਫ਼ ਮਾਨ ਵਾਸੀ ਪਿੰਡ ਵਜ਼ੀਰਾਬਾਦ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ 21ਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਸਰਵਨ ਕੁਮਾਰ ਵਾਸੀ ਸਿਟੀ ਅਮਰੋਹ, ਯੂਪੀ ਹਾਲ ਵਾਸੀ ਜੰਡਪੁਰ ਜੋ ਟੈਕਸੀ ਚਲਾਉਂਦਾ ਹੈ। ਉਸ ਨੇ ਆਪਣੀ ਟੈਕਸੀ ਸੀਪੀ ਮਾਲ ਸੈਕਟਰ-67 ਦੇ ਸਾਹਮਣੇ ਖੜ੍ਹੀ ਕੀਤੀ ਹੋਈ ਸੀ। ਜਿੱਥੋਂ ਚਾਰ ਅਣਪਛਾਤੇ ਵਿਅਕਤੀਆਂ ਨੂੰ ਟੈਕਸੀ ਵਿੱਚ ਬਿਠਾਇਆ ਸੀ, ਜਦੋਂ ਉਹ ਐਪ ਲੋਕੇਸ਼ਨ ਮੁਤਾਬਕ ਪਿੰਡ ਬਠਲਾਣਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਸੈਕਟਰ-104 ਮਿਉਂਸਪਲ ਹਾਈਟ ਮੁਹਾਲੀ ਕੋਲ ਪੁੱਜਾ ਤਾਂ ਪਿਛਲੀ ਸੀਟ ’ਤੇ ਬੈਠੇ ਇੱਕ ਵਿਅਕਤੀ ਨੇ ਉਸ ਨੂੰ ਗਰਦਨ ਤੋਂ ਫੜ ਲਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਉਸ ਵੱਲ ਲੋਹੇ ਦੀ ਕਿਰਚ ਤਾਣ ਲਈ। ਮੁਲਜ਼ਮ ਉਸਦਾ ਮੋਬਾਈਲ ਫੋਨ, ਨਗਦੀ ਅਤੇ ਕਾਰ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪੀ ਜਾ ਰਹੀ ਸੀ।
ਇਸ ਤੋਂ ਬਾਅਦ ਨਵੀਨ ਕੁਮਾਰ ਵਾਸੀ ਪਿੰਡ ਡੀਗਾਨਾ, ਜੀਂਦ ਹਾਲ ਵਾਸੀ ਨਵਾਂ ਗਰਾਂਓ ਜੋ ਟੈਕਸੀ ਚਲਾਉਂਦਾ ਹੈ, ਉਹ ਬੀਤੀ 24 ਜੂਨ ਨੂੰ ਇੰਨਡਰਾਈਵ ਐਪ ਰਾਹੀਂ ਸੈਕਟਰ-67 ਤੋਂ ਬਨੂੜ ਲਈ ਰਾਈਡ ਆਈ ਸੀ। ਉਹ ਤਿੰਨ ਨੌਜਵਾਨਾਂ ਨੂੰ ਟੈਕਸੀ ਗੱਡੀ ਵਿੱਚ ਬਿਠਾ ਕੇ ਸੀਪੀ ਮਾਲ ਸੈਕਟਰ-67 ਤੋਂ ਬਨੂੜ ਲਈ ਚੱਲ ਪਿਆ। ਜਦੋਂ ਉਹ ਲਾਂਡਰਾਂ-ਬਨੂੜ ਸੜਕ ਤੋਂ ਥੋੜਾ ਪਿੱਛੇ ਸੈਕਟਰ-104 ਕੋਲ ਪੁੱਜਾ ਤਾਂ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਪਰਨੇ ਨਾਲ ਉਸ ਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਨਾਲ ਬੈਠੇ ਨੌਜਵਾਨ ਨੇ ਉਸ ਨੂੰ ਧੌਣ ਤੋਂ ਫੜ ਲਿਆ। ਮੁਲਜ਼ਮ ਉਸਦੀ ਕਾਰ ਮੋਬਾਈਲ ਫੋਨ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ।
ਐੱਸਐੱਸਪੀ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਹਰਿਆਣਾ ਤੋਂ ਅਤੇ ਇੱਕ ਨੂੰ ਪਿੰਡ ਵਜ਼ੀਰਾਬਾਦ, ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਵੱਲੋਂ ਫਰਜ਼ੀ ਸਿੰਮ ਕਾਰਡ ਨੰਬਰ ਤੋਂ ਇੰਨਡਰਾਈਵ ਐਪ ਡਾਊਨਲੋਡ ਕੀਤੀ ਹੋਈ ਸੀ ਅਤੇ ਫਰਜ਼ੀ ਨਾਮ ਵਿਜੈ ਕੁਮਾਰ ਦੇ ਨਾਂ ਤੇ ਇੰਨਡਰਾਈਵ ਅਕਾਉਂਟ ਬਣਾਇਆ ਹੋਇਆ ਸੀ। ਉਕਤ ਮੁਲਜ਼ਮਾਂ ਨੇ ਹੀ ਇਹ ਦੋਨੋਂ ਟੈਕਸੀਆਂ ਬੁੱਕ ਕਰਕੇ ਖੋਹੀਆਂ ਸਨ। ਮੁਲਜ਼ਮਾਂ ਨੂੰ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ

ਕੇਂਦਰ ਸਰਕਾਰ ਵੱਲੋਂ ਫ਼ੰਡ ਰੋਕਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ’ਚ ਖੜੌਤ ਆਈ: ਸਿਹਤ ਮੰਤਰੀ ਸੈਕਟਰ-71 ਆਈਵੀ…