ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਦਿੱਤਾ ਵਾਤਾਵਰਨ ਨੂੰ ਬਚਾਉਣ ਦਾ ਹੋਕਾ

ਮੁਹਾਲੀ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ ‘ਵਿਸ਼ਵ ਵਾਤਾਵਰਨ ਦਿਵਸ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਵਿਸ਼ਵ ਵਾਤਾਵਰਨ ਦਿਵਸ ਮੌਕੇ ਮੁਹਾਲੀ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਜਾਗਰੂਕਤਾ ਸਮਾਗਮ ਕਰਵਾਏ ਗਏ। ਜਿਨ੍ਹਾਂ ਦੀ ਅਗਵਾਈ ਵੱਖ-ਵੱਖ ਸੀਨੀਅਰ ਮੈਡੀਕਲ ਅਧਿਕਾਰੀਆਂ ਨੇ ਕੀਤੀ। ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ।
ਸਮਾਗਮ ਵਿੱਚ ਸਰਸਵਤੀ ਕਾਲਜ ਆਫ਼ ਨਰਸਿੰਗ ਅਤੇ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਸੋਹਾਣਾ ਦੇ ਵਿਦਿਆਰਥੀਆਂ ਨੇ ਜਿੱਥੇ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੰਦੇ ਹੋਏ ਨਾਟਕ ਖੇਡੇ, ਉੱਥੇ ਖ਼ੂਬਸੂਰਤ ਰੰਗੋਲੀ ਅਤੇ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਦੇ ਵਾਤਾਵਰਨ ਦਿਵਸ ਦਾ ਵਿਸ਼ਾ-ਵਸਤੂ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਪਲਾਸਟਿਕ ਪ੍ਰਦੂਸ਼ਣ ਖ਼ਤਮ ਕਰਨ ਦਾ ਹੋਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇ ਵਾਤਾਵਰਨ ਠੀਕ ਰਹੇਗਾ ਤਾਂ ਯਕੀਨਨ ਸਿਹਤ ਵੀ ਚੰਗੀ ਰਹੇਗੀ ਕਿਉਂਕਿ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਨ ਚੰਗੀ ਸਿਹਤ ਨਾਲ ਜੁੜਿਆ ਹੈ। ਵਾਤਾਵਰਨ ਤਬਦੀਲੀ ਦਾ ਬਨਸਪਤੀ ਤੋਂ ਇਲਾਵਾ ਮਨੁੱਖੀ ਸਿਹਤ ’ਤੇ ਵੀ ਡਾਢਾ ਅਸਰ ਪੈ ਰਿਹਾ ਹੈ ਪ੍ਰੰਤੂ ਮਨੁੱਖ ਕੁਝ ਸਾਵਧਾਨੀਆਂ ਵਰਤ ਕੇ ਆਪਣੀ ਸਿਹਤ ’ਤੇ ਪੈਣ ਵਾਲੇ ਮਾੜੇ ਅਸਰ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।
ਸਮਾਗਮ ਦੌਰਾਨ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਬਣਾਏ ਪੋਸਟਰਾਂ, ਰੰਗੋਲੀਆਂ ਅਤੇ ਨਾਟਕ ਖੇਡਣ ਵਾਲੇ ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸ਼ੇਸ਼ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਐਸਐਮਓ ਡਾ. ਐਚਐਸ ਚੀਮਾ ਤੇ ਡਾ. ਵਿਜੈ ਭਗਤ, ਡਾ. ਪਰਮਿੰਦਰਜੀਤ ਸਿੰਘ, ਡਾ. ਬਬਨਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ, ਸਿਹਤ ਇੰਸਪੈਕਟਰ ਹਰਵਿੰਦਰ ਸਿੰਘ ਛੀਨਾ, ਸਿਹਤ ਵਰਕਰ ਬਲਜੀਤ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …