
ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਦੇ ਮੁੱਖ ਗੇਟ ਨੇੜੇ ਬੁੱਧਵਾਰ ਨੂੰ ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ (22) ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਹਾਲਾਂਕਿ ਪੁਲੀਸ ਨੇ ਐਂਬੂਲੈਂਸ ਵਿੱਚ ਪਾ ਕੇ ਕਾਰ ਚਾਲਕ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਸੜਕ ’ਤੇ ਦੌੜ ਰਹੀ ਸੀ ਜਦੋਂ ਉਹ ਸਿਲਵੀ ਪਾਰਕ ਨੇੜੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਕੇ ਪਲਟ ਗਈ। ਜਿਸ ਕਾਰਨ ਟੈਕਸੀ ਚਾਲਕ ਦੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਦਾ ਕੋਈ ਪ੍ਰਤੱਖਦਰਸ਼ੀ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।