nabaz-e-punjab.com

ਸਰਕਾਰਾਂ ਦੀ ਨਲਾਇਕੀ ਤੇ ਬਦਨੀਅਤੀ ਕਾਰਨ ਤਬਾਹ ਹੋ ਰਿਹਾ ਹੈ ਪੰਜਾਬ ਦਾ ਅਰਥਚਾਰਾ: ਕਾਹਲੋਂ

ਨਬਜ਼-ਏ-ਪੰਜਾਬ, ਮੁਹਾਲੀ, 2 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਕੇਂਦਰ ਸਰਕਾਰ ਦੀ ਬਦਨੀਅਤੀ ਕਾਰਨ ਪੰਜਾਬ ਦਾ ਝੋਨੇ ਦੀ ਫਸਲ ਦਾ 50,000 ਕਰੋੜ ਦਾ ਅਰਥਚਾਰਾ ਤਬਾਹ ਹੋਣ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦਾ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਕਾਨੂੰਨੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਇਸਦੇ ਦੁਰਗਾਮੀ ਸਿੱਟੇ ਬਹੁਤ ਮਾੜੇ ਨਿਕਲਣਗੇ।
ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਇੱਕ ਮਹੀਨੇ ਤੋਂ ਰੁਲ ਰਹੀ ਹੈ ਜਿਸ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਬਹੁਤ ਹਲਕੇ ਵਿੱਚ ਲੈ ਰਹੀਆਂ ਹਨ ਅਤੇ ਸਿਰਫ਼ ਬਿਆਨਬਾਜ਼ੀ ਕਰਨ ਤੱਕ ਸੀਮਤ ਹਨ ਪ੍ਰੰਤੂ ਹਕੀਕੀ ਤੌਰ ’ਤੇ ਕੁੱਝ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਗਲੀ ਫਸਲ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਸਪਲਾਈ ਵੀ ਨਹੀਂ ਕੀਤੀ ਜਾ ਰਹੀ ਅਤੇ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਬਲੈਕ ਵਿੱਚ ਇਹ ਖਾਦ ਖਰੀਦਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਲੋੜ ਸੀ ਤਾਂ ਕਿਸਾਨਾਂ ਨੇ ਪੰਜਾਬ ਦਾ ਸਭ ਕੁਝ ਦਾਅ ਤੇ ਲਗਾ ਕੇ ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਝੋਨਾ ਪੈਦਾ ਕਰ ਕੇ ਦਿੱਤਾ। ਅੱਜ ਸਰਕਾਰਾਂ ਚਾਹੁੰਦੀਆਂ ਹਨ ਕਿ ਕਿਸਾਨ ਦੁਖੀ ਹੋ ਕੇ ਝੋਨਾ ਲਗਾਉਣਾ ਬੰਦ ਕਰ ਕੇ ਹੋਰ ਫਸਲਾਂ ਬੀਜਣ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਬਦਲਵੀਆਂ ਫ਼ਸਲਾਂ ਬੀਜਣ ਲਈ ਵੀ ਰਾਜੀ ਹਨ ਪ੍ਰੰਤੂ ਸਰਕਾਰਾਂ ਬਦਲੀਆਂ ਫਸਲਾਂ ਦੀ ਖਰੀਦ, ਗਰੰਟੀ ਅਤੇ ਐਮਐੱਸਪੀ ਤੋਂ ਭੱਜ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਕੇ ਆਪਣੀ ਸਰਕਾਰ ਤਾਂ ਬਣਾ ਲਈ ਪ੍ਰੰਤੂ ਹੁਣ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ ਅਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਅੱਜ ਇੱਕ ਪਾਸੇ ਕਿਸਾਨਾਂ ਦੀ ਝੋਨੇ ਦੀ ਫਸਲ ਰੁਲ ਰਹੀ ਹੈ ਉੱਥੇ ਕਣਕ ਦੀ ਬਜਾਈ ਦਾ ਸਮਾਂ ਵੀ ਲੰਘਦਾ ਜਾ ਰਿਹਾ ਹੈ ਅਤੇ ਕਿਸਾਨ ਬੇਵੱਸ ਅਤੇ ਲਾਚਾਰ ਹੋਇਆ ਸੰਘਰਸ਼ਾਂ ਦੇ ਰਾਹ ਤੇ ਤੁਰ ਰਿਹਾ ਹੈ, ਜਿਸ ਨਾਲ ਪੰਜਾਬ ਬਹੁਤ ਪ੍ਰੇਸ਼ਾਨੀਆਂ ਤੇ ਆਰਥਿਕ ਸੰਕਟ ਵੱਲ ਵਧਦਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਤੁਰੰਤ ਝੋਨੇ ਦੀ ਫਸਲ ਚੁੱਕਣ ਅਤੇ ਪੰਜਾਬ ਵਿੱਚ ਵਧਦੇ ਸੰਕਟ ਨੂੰ ਰੋਕਣ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …