
ਸਿੱਖਿਆ ਬੋਰਡ ਵੱਲੋਂ ਪੰਜਾਬੀ ਵਿਸ਼ੇ ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਪੱਧਰ ਦੇ ਪੰਜਾਬੀ ਵਿਸ਼ੇ ਦੀ ਕਰਵਾਈ ਜਾਂਦੀ ਪ੍ਰੀਖਿਆ ਲਈ ਚੌਥੀ ਤਿਮਾਹੀ ਦੀ ਪ੍ਰੀਖਿਆ ਦੀਆਂ ਮਿਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2022-23 ਦੀ ਚੌਥੀ ਤਿਮਾਹੀ ਦੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ 27 ਤੇ 28 ਜਨਵਰੀ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਦੇਣ ਦੇ ਇੱਛੁਕ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਫਾਰਮ ਅੱਜ 4 ਜਨਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫਾਰਮ 20 ਜਨਵਰੀ ਤੱਕ ਮੁੱਖ ਦਫ਼ਤਰ ਮੁਹਾਲੀ ਵਿੱਚ ਸਥਿਤ ਸਿੰਗਲ ਵਿੰਡੋ ਰਾਹੀਂ ਪ੍ਰਾਪਤ ਕੀਤੇ ਜਾਣਗੇ। ਇਸ ਪ੍ਰੀਖਿਆ ਨਾਲ ਸਬੰਧਤ ਰੋਲ ਨੰਬਰ/ਐਡਮਿਟ ਕਾਰਡ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ 24 ਜਨਵਰੀ ਤੋਂ ਉਪਲਬਧ ਕੀਤੇ ਜਾਣਗੇ।
ਬੋਰਡ ਅਧਿਕਾਰੀਆਂ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਤ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ-ਕਾਪੀਆਂ ਨਾਲ ਲੈ ਕੇ ਆਉਣ। ਇਸ ਪ੍ਰੀਖਿਆ ਨਾਲ ਸਬੰਧਤ ਪੂਰੀ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕੀਤੀ ਗਈ ਹੈ।