nabaz-e-punjab.com

ਸਿੱਖਿਆ ਵਿਭਾਗ ਨੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 31 ਅਗਸਤ ਤੱਕ ਪੋਰਟਲ ਖੋਲ੍ਹਿਆ

ਵੱਧ ਤੋਂ ਵੱਧ ਯੋਗ ਵਿਦਿਆਰਥੀ ਵਜ਼ੀਫ਼ੇ ਲਈ ਪੋਰਟਲ ਰਾਹੀਂ ਅਪਲਾਈ ਕਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਸਿੱਖਿਆ ਵਿਭਾਗ ਪੰਜਾਬ ਦੀ ਵਜ਼ੀਫ਼ਾ ਸ਼ਾਖਾ ਨੇ ਗਰੀਬ ਵਰਗ ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਪੋਰਟਲ ਖੋਲ੍ਹ ਦਿੱਤਾ ਹੈ। ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿੱਦਿਅਕ ਸੈਸ਼ਨ 2022-23 ਦੌਰਾਨ ਪ੍ਰੀ-ਮੈਟ੍ਰਿਕ ਵਜ਼ੀਫ਼ੇ ਲਈ ਅਨੁਸੂਚਿਤ ਜਾਤੀਆਂ ਦੇ ਕੰਪੋਨੈਂਟ-1 ਤਹਿਤ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਕੰਪੋਨੈਂਟ-2 ਤਹਿਤ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਵਜ਼ੀਫ਼ੇ ਲਈ ਵੱਖ-ਵੱਖ ਸਕੀਮਾਂ ਤਹਿਤ ਅਪਲਾਈ ਕਰਨ ਲਈ ਈ-ਪੰਜਾਬ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਵਿੱਚ 31 ਅਗਸਤ ਤੱਕ ਸਾਰੇ ਯੋਗ ਲਾਭਪਾਤਰੀ ਵਿਦਿਆਰਥੀਆਂ ਦਾ ਲੋੜੀਂਦਾ ਪੂਰਾ ਵੇਰਵਾ ਅਤੇ ਡਾਟਾ ਪੋਰਟਲ ’ਤੇ ਦਾਖ਼ਲ ਕੀਤਾ ਜਾ ਸਕਦਾ ਹੈ। ਸਕੂਲ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 31 ਅਗਸਤ ਤੱਕ ਯੋਗ ਲਾਭਪਾਤਰੀ ਵਿਦਿਆਰਥੀਆਂ ਬਾਰੇ ਅਪਲਾਈ ਕਰਨਾ ਯਕੀਨੀ ਬਣਾਇਆ ਜਾਵੇ।
ਸਹਾਇਕ ਡਾਇਰੈਕਟਰ (ਵਜ਼ੀਫ਼ਾ) ਪਰਮਿੰਦਰ ਕੌਰ ਨੇ ਦੱਸਿਆ ਕਿ 8 ਸਤੰਬਰ ਤੱਕ ਸਮਰੱਥ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਣ ਉਪਰੰਤ ਵਿਦਿਆਰਥੀਆਂ ਦਾ ਡਾਟਾ ਅਤੇ ਵੇਰਵੇ ਜ਼ਿਲ੍ਹਾ ਪੱਧਰ ’ਤੇ ਆਨਲਾਈਨ ਭੇਜਣਾ ਲਾਜ਼ਮੀ ਹੋਵੇਗਾ। ਆਰਜ਼ੀ ਤੌਰ ’ਤੇ ਰੱਦ ਕੀਤੇ ਗਏ ਵਿਦਿਆਰਥੀਆਂ ਦੇ ਵੇਰਵੇ ਅਤੇ ਜੇਕਰ ਕਿਸੇ ਕਾਰਨ ਡਾਟਾ ਵਿੱਚ ਸੁਧਾਰ ਦੀ ਲੋੜ ਹੈ ਤਾਂ ਸਬੰਧਤ ਵੇਰਵੇ ਆਨਲਾਈਨ ਦਾਖ਼ਲ ਕੀਤੇ ਜਾ ਸਕਦੇ ਹਨ। ਜ਼ਿਲ੍ਹਾ ਪੱਧਰ ’ਤੇ ਪ੍ਰਵਾਨਗੀ ਤੋਂ ਬਾਅਦ 10 ਸਤੰਬਰ ਤੋਂ ਪਹਿਲਾਂ ਵਿਦਿਆਰਥੀਆਂ ਦਾ ਡਾਟਾ ਅਤੇ ਵੇਰਵੇ ਸਕੂਲ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜਣਾ ਲਾਜ਼ਮੀ ਕੀਤਾ ਗਿਆ ਹੈ।
ਸਹਾਇਕ ਡਾਇਰੈਕਟਰ (ਵਜ਼ੀਫ਼ਾ) ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਾਰਟ ਪੋਰਟਲ ’ਤੇ ਉਪਲਬਧ ਵਿਭਾਗੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਲਈ ਅਪਲਾਈ ਕਰਨਾ ਜ਼ਰੂਰੀ ਹੋਵੇਗਾ। ਇੱਕ ਵਿਦਿਆਰਥੀ ਸੈਸ਼ਨ ਦੌਰਾਨ ਸਿਰਫ਼ ਇੱਕ ਵਜ਼ੀਫ਼ਾ ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਲਈ ਵਿਦਿਆਰਥੀ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ ਬੈਂਕ ਖਾਤਾ ਨਿਰੰਤਰ ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਮੋਬਾਈਲ ਨੰਬਰ, ਆਧਾਰ ਨੰਬਰ ਅਤੇ ਬੈਂਕ ਖਾਤੇ ਵਿੱਚ ਕੋਈ ਡੁਪਲੀਸੀਟੀ ਨਹੀਂ ਹੋਣੀ ਚਾਹੀਦੀ। 5 ਤੋਂ 15 ਸਾਲ ਦੀ ਉਮਰ ਦੇ ਵਿਚਕਾਰ ਵਿਦਿਆਰਥੀਆਂ ਦੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜ਼ਰੂਰੀ ਹੋਵੇਗਾ। ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਅਤੇ ਵਿਦਿਆਰਥੀ ਦਾ ਡਾਟਾ ਚੈੱਕ ਕਰਨ ਤੋਂ ਬਾਅਦ ਕ੍ਰਮਵਾਰ ਸਕੂਲ ਅਤੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਅਤੇ ਮਾਨਤਾ ਪ੍ਰਾਪਤ ਅਧਿਕਾਰੀ ਵੱਲੋਂ ਪੂਰੀ ਤਰ੍ਹਾਂ ਘੋਖ ਕਰਨ ਉਪਰੰਤ ਮੁੱਖ ਦਫ਼ਤਰ ਨੂੰ ਭੇਜਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…