nabaz-e-punjab.com

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਹਾਈ ਸਕੂਲ ਫੇਜ਼-6 ਦਾ ਦਰਜ ਘਟਾਉਣ ਲਈ ਕਾਰਵਾਈ ਤੇਜ਼, ਬੱਚਿਆਂ ਤੇ ਮਾਪਿਆਂ ’ਚ ਭਾਰੀ ਰੋਸ

ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਸ਼ਿਫ਼ਟ ਕਰਨ ਦੀ ਤਿਆਰੀ
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੇ ਦੋਵੇਂ ਸਕੂਲਾਂ ਦੇ ਮੁਖੀਆਂ ਨੂੰ ਆਪਣੇ ਦਫ਼ਤਰ ਸੱਦ ਕੇ ਜਾਰੀ ਕੀਤੇ ਦਿਸ਼ਾ ਨਿਰਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਸਿੱਖਿਆ ਵਿਭਾਗ ਵੱਲੋਂ ਇੱਥੋਂ ਦੇ ਸਰਕਾਰੀ ਹਾਈ ਸਕੂਲ ਫੇਜ਼-6 ਦਾ ਦਰਜਾ ਘਟਾਉਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਤਾਜ਼ਾ ਜ਼ੁਬਾਨੀ ਫੈਸਲੇ ਮੁਤਾਬਕ ਇੱਥੇ ਪੜ੍ਹਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਸ਼ਿਫ਼ਟ ਕਰਨ ਲਈ ਕਹਿ ਦਿੱਤਾ ਗਿਆ ਹੈ। ਇਸ ਨਿਰਣੇ ਨਾਲ ਕੈਪਟਨ ਸਰਕਾਰ ਦੀ ਬੱਚਿਆਂ ਨੂੰ ਘਰਾਂ ਨੇੜੇ ਸਿੱਖਿਆ ਮੁਹੱਈਆ ਕਰਵਾਉਣ ਦੇ ਵਾਅਦਿਆਂ ਦੀ ਫੂਕ ਨਿਕਲ ਗਈ ਹੈ। ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੰਗੇ ਭਲੇ ਚਲਦੇ ਸਕੂਲ ਦਾ ਦਰਜਾ ਘਟਾਉਣ ਦੀਆਂ ਤਿਊਂਤਾ ਘੜੀਆਂ ਜਾਣ। ਇਸ ਸਬੰਧੀ ਬੀਤੇ ਦਿਨੀਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨੇ ਦੋਵੇਂ ਸਕੂਲਾਂ ਦੇ ਮੁਖੀਆਂ ਨੂੰ ਆਪਣੇ ਦਫ਼ਤਰ ਵਿੱਚ ਸੱਦ ਕੇ ਜ਼ਰੂਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੇ ਕੌਂਸਲਰ ਆਰਪੀ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਗ਼ਰੀਬ ਬੱਚਿਆਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਦੇ ਰਾਹ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਉਹ ਸ਼ੁਰੂ ਤੋਂ ਇਸ ਸਕੂਲ ਨੂੰ ਅਪਗਰੇਡ ਗਰੇਡ ਕਰਨ ਦੇ ਹੱਕ ਵਿੱਚ ਨਹੀਂ ਸੀ ਕਿਉਂਕਿ ਸਕੂਲ ਵਿੱਚ ਪਹਿਲਾਂ ਹੀ ਲੋੜ ਅਨੁਸਾਰ ਕਮਰਿਆਂ ਦੀ ਘਾਟ ਸੀ ਪ੍ਰੰਤੂ ਪਿਛਲੀ ਅਕਾਲੀ ਸਰਕਾਰ ਨੇ ਸਕੂਲ ਨੂੰ ਅਪਗਰੇਡ ਕਰ ਦਿੱਤਾ। ਇਸ ਤੋਂ ਬਾਅਦ ਅਧਿਆਪਕਾਂ ਅਤੇ ਉਨ੍ਹਾਂ ਨੇ ਖ਼ੁਦ ਨੇੜਲੇ ਇਲਾਕੇ ਵਿੱਚ ਕਲੋਨੀਆਂ ਵਿੱਚ ਘਰ ਘਰ ਜਾ ਕੇ ਇੱਥੇ ਨਵੀਆਂ ਕਲਾਸਾਂ ਵਿੱਚ ਬੱਚੇ ਦਾਖ਼ਲ ਕੀਤੇ ਅਤੇ ਅੱਜ ਸਕੂਲ ਵਿੱਚ 150 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੇਅਰ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਸਕੂਲ ਵਿੱਚ ਸਾਢੇ 9 ਲੱਖ ਰੁਪਏ ਦੇ ਪੇਵਰ ਬਲਾਕ ਲਗਾ ਕੇ ਪੂਰੇ ਵਿਹੜੇ ਵਿੱਚ ਫਰਸ਼ ਪੱਕਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਬਾਕੀ ਸਕੂਲਾਂ ਨਾਲੋਂ ਇਸ ਸਕੂਲ ਦੀ ਇਮਾਰਤ ਸਭ ਤੋਂ ਵਧੀਆ ਹੈ। ਸਕੂਲ ਵਿੱਚ ਤਿੰਨ ਵਧੀਆਂ ਬਾਥਰੂਮ ਬਣਾਏ ਗਏ। ਇਹੀ ਨਹੀਂ ਉਨ੍ਹਾਂ ਨੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਨਾਲ ਤਾਲਮੇਲ ਕਰਕੇ ਸਕੂਲ ਦੀ ਨੁਹਾਰ ਬਦਲੀ ਗਈ ਹੈ। ਸਨਅਤੀ ਘਰਾਣੇ ਵੱਲੋਂ ਸਕੂਲ ਦੇ ਸਾਰੇ ਕਮਰਿਆਂ ਦੀ ਮੁਰੰਮਤ ਕਰਵਾਉਣ ਸਮੇਤ ਸਾਰੇ ਕਮਰਿਆਂ ਵਿੱਚ ਛੱਤ ਵਾਲੇ ਪੱਖੇ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੰਪਿਊਟਰ ਲੈਬ ਦੀ ਵਿਵਸਥਾ ਕੀਤੀ ਜਾ ਰਹੀ ਹੈ। ਵਿਕਾਸ ਪੱਖੋਂ ਜਦੋਂ ਸਕੂਲ ਦੀ ਗੱਡੀ ਪੂਰੀ ਤਰ੍ਹਾਂ ਲੀਹ ’ਤੇ ਪੈ ਚੁੱਕੀ ਹੈ ਤਾਂ ਹੁਣ ਸਿੱਖਿਆ ਅਧਿਕਾਰੀ ਇਹ ਕਹਿਣ ਲੱਗ ਪਏ ਕਿ ਸਕੂਲ ਦਾ ਦਰਜਾ ਘਟਾ ਕੇ ਮੁੜ ਐਲੀਮੈਂਟਰੀ ਕੀਤਾ ਜਾਵੇਗਾ ਅਤੇ ਜਿਹੜੇ ਬੱਚੇ ਇੱਥੇ ਪੜ੍ਹਦੇ ਹਨ, ਉਨ੍ਹਾਂ ਨੂੰ ਕਾਫੀ ਦੂਰ ਫੇਜ਼-5 ਦੇ ਸਕੂਲ ਵਿੱਚ ਸ਼ਿਫ਼ਟ ਕੀਤਾ ਜਾਵੇਗਾ।
ਉਧਰ, ਭਾਜਪਾ ਕੌਂਸਲਰ ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਪਹਿਲਾਂ ਹੀ ਕਮਰਿਆਂ ਦੀ ਘਾਟ ਹੈ ਅਤੇ ਸਕੂਲ ਮੁਖੀ ਕੋਲ ਬੈਠਣ ਲਈ ਦਫ਼ਤਰ ਤੱਕ ਨਹੀਂ ਹੈ। ਉਹ ਲੈਬ ਦੇ ਇੱਕ ਕੋਨੇ ਵਿੱਚ ਕੁਰਸੀ ਡਾਹ ਕੇ ਬੈਠਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਨਗਰ ਨਿਗਮ ਨੇ 20 ਲੱਖ ਦੀ ਲਾਗਤ ਨਾਲ ਨਵੇਂ ਕਮਰਿਆਂ ਦੀ ਉਸਾਰੀ ਕਰਨ ਦਾ ਮਤਾ ਪਾਸ ਕੀਤਾ ਸੀ ਲੇਕਿਨ ਹੁਣ ਸਰਕਾਰ ਨੇ ਇਸ ਮਤੇ ’ਤੇ ਵੀ ਰੋਕ ਲਗਾ ਦਿੱਤੀ ਹੈ।
(ਬਾਕਸ ਆਈਟਮ)
ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਕਿਉਂਕਿ ਉਹ ਹਾਲੇ ਦੋ ਦਿਨ ਪਹਿਲਾਂ ਬਦਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਰਿਪੋਰਟ ਤਲਬ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੇ ਹਿੱਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
(ਬਾਕਸ ਆਈਟਮ)
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਰਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਤਾਂ ਉੱਚ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ। ਉਂਜ ਉਨ੍ਹਾਂ ਨੇ ਏਨਾ ਜ਼ਰੂਰ ਦੱਸਿਆ ਕਿ ਵਿਭਾਗ ਨੇ ਉਨ੍ਹਾਂ ਕੋਲੋਂ ਦੋਵੇਂ ਸਕੂਲਾਂ ਦੀ ਸਟੇਟਸ ਰਿਪੋਰਟ ਮੰਗ ਗਈ ਸੀ। ਜਿਸ ਵਿੱਚ ਸਕੂਲਾਂ ਦੀ ਇਮਾਰਤਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ ਸਮੇਤ ਸਹੂਲਤਾਂ ਦਾ ਵੇਰਵਾ ਸ਼ਾਮਲ ਹੈ ਪ੍ਰੰਤੂ ਹਾਲੇ ਤੱਕ ਉਨ੍ਹਾਂ ਨੇ ਇਹ ਰਿਪੋਰਟ ਉੱਚ ਅਧਿਕਾਰੀਆਂ ਨੂੰ ਨਹੀਂ ਭੇਜੀ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…