
ਸਫ਼ਾਈ ਮੁਹਿੰਮ: ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੇ ਬਜ਼ੁਰਗ ਮੈਂਬਰਾਂ ਨੇ ਚੁੱਕੀਆਂ ਕਹੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ
ਸਮੁੱਚੇ ਮੁਹਾਲੀ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਕਾਂਗਰਸ ਘਾਹ ਅਤੇ ਭੰਗ ਬੂਟੀ ਨੇ ਮਾਰੂ ਹਮਲਾ ਕੀਤਾ ਹੋਇਆ ਹੈ। ਕਾਂਗਰਸ ਘਾਹ ਜੋ ਇਕ ਬਹੁਤ ਘਾਤਕ ਅਲਰਜਕ ਬੂਟੀ ਹੈ, ਇਹ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੈ। ਇਹ ਨਦੀਨ ਆਪਣੇ ਆਲੇ ਦੁਆਲੇ ਕਿਸੇ ਬੂਟੇ ਨੂੰ ਉੱਗਣ ਨਹੀਂ ਦਿੰਦਾ ਅਤੇ ਤੇਜੀ ਨਾਲ ਵੱਧਦਾ ਹੈ। ਇਹ ਜਾਣਕਾਰੀ ਪ੍ਰੈਸ ਨੂੰ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਜਿਆਦਾ ਸੰਪਰਕ ਰਹੇ ਤਾਂ ਕਈ ਤਰ੍ਹਾ ਦੇ ਰੋਗ ਜਿਵੇੱ ਸਾਹ ਨਾਲੀ ਦੇ ਰੋਗ, ਦਮਾ, ਨਜਲਾ, ਜੁਕਾਮ ਅਤੇ ਨੱਕ ’ਚ ਪਾਣੀ ਵਗਣਾ ਆਦਿ ਹੋ ਜਾਂਦੇ ਹਨ। ਜੇਕਰ ਗਾਜਰ ਘਾਹ ਦੇ ਪਰਾਗ ਕਣ ਸਾਹ ਰਾਹੀਂ ਅੰਦਰ ਚਲੇ ਜਾਣ ਤਾਂ ਵੀ ਇਸ ਨਾਲ ਬਿਮਾਰੀਆਂ ਲੱਗ ਜਾਂਦੀਆ ਹਨ। ਇਸ ਤਰ੍ਹਾਂ ਭੰਗ ਬੂਟੀ ਨੇ ਵੀ ਮੋਹਾਲੀ ਇਲਾਕੇ ਵਿੱਚ ਪੈਰ ਪਸਾਰ ਚੁੱਕੇ ਹਨ। ਅਫਸੋਸ ਦੀ ਗੱਲ ਹੈ ਕਿ ਮੁਹਾਲੀ ਪ੍ਰਸਾਸ਼ਨ ਇਸ ਸਾਰੇ ਕਾਸੇ ਤੋਂ ਬੇ-ਖ਼ਬਰ ਹੈ। ਜਦੋਂ ਕਿ ਸਰਕਾਰ ਨੇ ਇਸ ਨੂੰ ਖਤਮ ਕਰਨ ਲਈ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਨੋਟੀਫਿਕੇਸਨ ਵੀ ਜਾਰੀ ਕੀਤਾ ਹੋਇਆ ਹੈ। ਫਿਰ ਵੀ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਨੇ ਇਨ੍ਹਾਂ ਬੂਟੀਆਂ ਨੂੰ ਜੇ ਸਮੁੱਚੀ ਮੁਹਾਲੀ ’ਚ ਤਾਂ ਨਹੀੱ ਪਰ ਫੇਜ ਗਿਆਰਾਂ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਇਨ੍ਹਾਂ ਖਤਰਨਾਕ ਬੂਟੀਆਂ ਨੂੰ ਖਤਮ ਕਰਨ ਲਈ ਸੁਸਾਇਟੀ ਨੇ ਪਹਿਲੀ ਜੁਲਾਈ ਤੋੱ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜੋ 31 ਜੁਲਾਈ ਤੱਕ ਲਗਾਤਾਰ ਜਾਰੀ ਰਹੇਗੀ। ਇਸ ਸਮੇੱ ਦੌਰਾਨ ਸਮੁੱਚੇ ਗਿਆਰਾਂ ਫੇਜ਼ ਨੂੰ ਕਾਂਗਰਸ ਘਾਹ ਅਤੇ ਭੰਗ ਰਹਿਤ ਕਰ ਦਿੱਤਾ ਜਾਵੇਗਾ। ਸੁਸਾਇਟੀ ਮੈਂਬਰ ਇੱਕਠੇ ਹੋ ਕੇ ਤਲਵਾਰਾਂ ਅਤੇ ਕਸੌਲਿਆ ਨਾਲ ਇਨ੍ਹਾਂ ਬੂਟੀਆਂ ਨੂੰ ਜੜੋੱ ਵੀ ਪੁੱਟਦੇ ਹਨ ਅਤੇ ਜੇ ਲੋੜ ਪੈਂਦੀ ਹੈ ਤਾਂ ਨਦੀਨ ਨਾਸ਼ਕ (ਰਾਊਂਡ ਅੱਪ) ਦਵਾਈ ਦੀ ਵਰਤੋੱ ਵੀ ਕਰਦੇ ਹਨ। ਅੱਜ ਦੀ ਇਸ ਮੁਹਿੰਮ ਵਿੱਚ ਸੁਸਾਇਟੀ ਮੈਂਬਰ ਧਰਮਪਾਲ ਹੁਸ਼ਿਆਰਪੁਰੀ, ਸੁਰਿੰਦਰ ਸਿੰਘ, ਬਲਬੀਰ ਸਿੰਘ, ਸਰਵਨ ਰਾਮ, ਬਲਜੀਤ ਸਿੰਘ, ਬੀਰ ਸਿੰਘ, ਬਲਦੇਵ ਸਿੰਘ ਚਹਿਲ ਅਤੇ ਅਮਰਜੀਤ ਸਿੰਘ ਨਰ ਹਾਜ਼ਰ ਸਨ।