
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਝੂਠੇ ਪ੍ਰਚਾਰ ਤੋਂ ਖ਼ਫ਼ਾ ਮੁਲਾਜ਼ਮ ਲੋਕਾਂ ਸਾਹਮਣੇ ਉਜਾਗਰ ਕਰਨਗੇ ਸੱਚ
ਜਲੰਧਰ ਜ਼ਿਮਨੀ ਚੋਣ: ਕੱਚੇ ਮੁਲਾਜ਼ਮਾਂ ਵੱਲੋਂ ਆਪ ਵਲੰਟੀਅਰ, ਵਿਧਾਇਕਾਂ ਤੇ ਮੰਤਰੀਆਂ ਲਈ ਸਕੀਮ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪੰਜਾਬ ਭਰ ਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਦੀ ਆਪ ਸਰਕਾਰ ਅਤੇ ਸੀਨੀਅਰ ਲੀਡਰਸ਼ਿਪ ਦਾ ਵਾਰ-ਵਾਰ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਦਾ ਸੱਚ ਸਾਹਮਣੇ ਲਿਆਉਣ ਦਾ ਬੀੜਾ ਚੁੱਕ ਕੇ ਹੁਕਮਰਾਨਾਂ ਦੀ ਨੀਂਦ ਉੱਡਾ ਦਿੱਤੀ ਹੈ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਆਗੂ ਅਸ਼ੀਸ਼ ਜੁਲਾਹਾ ਨੇ ਅੱਜ ਇੱਥੇ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਪੋਸਟਰ ਅਤੇ ਇਸ਼ਤਿਹਾਰ ਲਗਾਏ ਗਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 13000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ 14417 ਹੋਰ ਪੱਕੇ ਕੀਤੇ ਜਾਣ ਦਾ ਐਲਾਨ ਕੀਤਾ ਹੈ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਇਸ ਸਿਲਸਿਲੇ ਵਜੋਂ ਕੱਚੇ ਮੁਲਾਜ਼ਮਾਂ ਨੇ ਆਪ ਵਲੰਟੀਅਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਨਵੀ ਸਕੀਮ ‘ਤਾਰੀਖ਼ ਦੱਸੋ ਇਨਾਮ ਪਾਓ’ ਸ਼ੁਰੂ ਕੀਤੀ ਹੈ। ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਡਿਟੇਲ ਦੱਸਣ ਦੀ ਗੱਲ ਕਹੀ ਗਈ ਹੈ। ਇਹ ਸੱਚ ਦੱਸਣ ਵਾਲੇ ਵਲੰਟੀਅਰ ਨੂੰ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਰਕਾਰ ਬਣਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ’ਤੇ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੈਬਨਿਟ ਨੇ ਮਤਾ ਪਾਸ ਕੀਤਾ ਸੀ। ਉਪਰੰਤ ਲੋਹੜੀ ’ਤੇ 6000 ਅਤੇ 21 ਫਰਵਰੀ ਨੂੰ 14417 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਗਿਆ। ਜਿਸ ਨਾਲ ਕੱਚੇ ਮੁਲਾਜ਼ਮਾਂ ਨੂੰ ਆਸ ਦੀ ਉਮੀਦ ਜਾਗੀ ਸੀ ਕਿ ਆਪ ਅਜਿਹੀ ਪਹਿਲੀ ਸਰਕਾਰ ਬਣੀ ਹੈ, ਜਿਸ ਨੇ ਛੇ ਮਹੀਨਿਆਂ ਵਿੱਚ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਜਿੳਂੂ ਜਿਊਂ ਸਮਾਂ ਬੀਤਦਾ ਗਿਆ ਤਾਂ ਸਰਕਾਰ ਦੀ ਅਸਲੀਅਤ ਵੀ ਸਾਹਮਣੇ ਆਉਣ ਲੱਗ ਪਈ। ਇਹ ਸਰਕਾਰ ਵੀ ਪਿਛਲੀ ਸਰਕਾਰਾਂ ਵਾਂਗ ਝੂਠੇ ਲਾਰੇ ਲਗਾ ਕੇ ਡੰਗ ਟਪਾਉਣ ਦੇ ਰਾਹ ਪੈ ਗਈ। ਹੁਣ ਤੱਕ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ।
ਮੁਲਾਜ਼ਮ ਆਗੂ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨਾ ਤਾਂ ਦੂਰ ਜਿਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਨੋਟੀਫ਼ਿਕੇਸ਼ਨ ਕਰ ਚੁੱਕੀ ਹੈ, ਉਨ੍ਹਾਂ ਨੂੰ ਵੀ ਹੁਣ ਤੱਕ ਆਰਡਰ ਨਹੀਂ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 5 ਸਤੰਬਰ ਨੂੰ ਕੈਬਿਨਟ ਦੀ ਮੋਹਰ ਲੱਗਣ ਤੋਂ ਬਾਅਦ 7 ਅਕਤੂਬਰ ਨੂੰ ਪ੍ਰਸੋਨਲ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ। ਜੇਕਰ 6 ਮਹੀਨੇ ਪਹਿਲਾਂ ਨੋਟੀਫ਼ਿਕੇਸ਼ਨ ਵਾਲੇ 8736 ਕੱਚੇ ਮੁਲਾਜ਼ਮਾਂ ਦੇ ਹੱਥ ਅਜੇ ਖਾਲੀ ਹਨ ਤਾਂ ਬਾਕੀ 20000 ਦਾ ਕਦੋਂ ਨੰਬਰ ਲੱਗੇਗਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਬਾਕੀ ਪਾਰਟੀਆਂ ਵਾਂਗ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵੇ ਨੂੰ ਝੂਠਾ ਸਾਬਿਤ ਕਰਦਾ ਹੋਇਆ ਪੋਸਟਰ ਤਿਆਰ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਦੌਰਾਨ ਸਰਕਾਰ ਦੇ ਝੂਠੇ ਵਾਅਦੇ ਅਤੇ ਦਾਅਵਿਆਂ ਵਾਲਾ ਇਹ ਪੋਸਟਰ ਘਰ-ਘਰ ਪਹੁੰਚਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਪਰਚੇ ਛਪਵਾ ਕੇ ਪੰਜਾਬ ਭਰ ਵਿੱਚ ਵੰਡ ਕੇ ‘ਆਪ’ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ।