
ਕਰੋਨਾਵਾਇਰਸ: ਪੂਰੇ ਮੁਹਾਲੀ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ: ਮੇਅਰ ਕੁਲਵੰਤ ਸਿੰਘ
ਮੁਹਾਲੀ ਨਿਗਮ ਵੱਲੋਂ ਕੈਮੀਕਲ, ਦਵਾਈਆਂ, ਮਾਸਕ ਤੇ ਸੈਨੇਟਾਈਜ਼ਰ ਖ਼ਰੀਦਣ ਲਈ 15 ਲੱਖ ਦਾ ਮਤਾ ਪਾਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਦੁਨੀਆ ਭਰ ਵਿੱਚ ਚੱਲ ਰਹੀ ਕੋਰਨਾਵਾਇਰਸ ਦੀ ਮਹਾਂਮਾਰੀ ਦੇ ਫੈਲਾਅ ਦੀ ਰੋਕਥਾਮ ਲਈ ਪਹਿਲਕਦਮੀ ਕਰਦਿਆਂ ਅੱਜ ਮੇਅਰ ਕੁਲਵੰਤ ਸਿੰਘ ਵੱਲੋਂ ਵਿੱਤ ਅਤੇ ਠੇਕਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕੈਮੀਕਲ, ਦਵਾਈਆਂ, ਮਾਸਕ, ਸੈਨੀਟਾਈਜਰ ਖਰੀਦਣ ਲਈ 15 ਲੱਖ ਰੁਪਏ ਪਾਸ ਕੀਤੇ ਗਏ ਅਤੇ ਕਮਿਸ਼ਨਰ ਕਮਲ ਕੁਮਾਰ ਗਰਗ ਨੂੰ ਹਦਾਇਤ ਕੀਤੀ ਗਈ ਕਿ ਇਸ ਚੱਲ ਰਹੀ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹਾਲੀ ਸ਼ਹਿਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਅਤੇ ਕਲੋਨੀਆਂ ਵਿੱਚ ਵੀ ਇਸਦਾ ਸਪਰੇਅ ਕੀਤਾ ਜਾਵੇ। ਸੈਨੀਟਾਈਜਰ ਦਾ ਸਪਰੇਅ ਕਰਨ ਲਈ ਮੈਨੂਅਲ ਦੇ ਨਾਲ-ਨਾਲ ਮਕੈਨੀਕਲ ਮਸ਼ੀਨਾ ਜਿਵੇਂ ਕਿ ਸਫ਼ਾਈ ਮਸ਼ੀਨ ਅਤੇ ਫਾਇਰ ਟੈਂਡਰਾਂ ਦੀ ਵੀ ਮਦਦ ਲਈ ਜਾਵੇ ਤਾਂ ਜੋ ਬਿਨ੍ਹਾਂ ਕਿਸੇ ਦੇਰੀ ਦੇ ਸ਼ਹਿਰ ਨੂੰ ਸੈਨੀਟਾਈਜ ਕੀਤਾ ਜਾਵੇ।
ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਆਪਣੇ ਤੌਰ ’ਤੇ ਜਰੂਰਤਬੰਦਾਂ ਅਤੇ ਬੇਘਰੇ ਲੋਕਾਂ ਨੂੰ ਖਾਣਾ ਦੇਣ ਲਈ ਵੀ 15 ਲੱਖ ਰੁਪਏ ਪਾਸ ਕੀਤੇ ਗਏ। ਸ਼ਹਿਰ ਦੇ ਵੱਖ-ਵੱਖ ਏਰੀਆ ਦੇ 4-5 ਗੁਰਦੁਆਰਿਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਨਗਰ ਨਿਗਮ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਖਾਣਾ ਤਿਆਰ ਕੀਤਾ ਜਾਵੇਗਾ ਅਤੇ ਲੋੜਵੰਦ ਵਿਅਕਤੀ ਸਬੰਧਤ ਗੁਰਦੁਆਰਿਆਂ ਵਿੱਚ ਜਾ ਕੇ ਖਾਣਾ ਖਾ ਸਕਦੇ ਹਨ। ਜਿਨ੍ਹਾਂ ਗੁਰਦੁਆਰਿਆਂ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਬਾਰੇ ਸ਼ਹਿਰ ਵਿੱਚ ਵੱਖਰੇ ਤੌਰ ’ਤੇ ਨਗਰ ਨਿਗਮ ਵੱਲੋਂ ਮੁਨਾਦੀ ਕਰਵਾ ਕੇ ਪਬਲਿਕ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਲਗਾਤਾਰ ਫੋਗਿੰਗ ਦਾ ਸਪਰੇਅ ਕਰਨ ਲਈ ਵੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਕੰਮ ਵਾਸਤੇ 5 ਲੱਖ ਰੁਪਏ ਹੋਰ ਪਾਸ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਮੇਅਰ, ਨਗਰ ਨਿਗਮ ਵੱਲੋਂ ਵਿੱਤ ਅਤੇ ਠੇਕਾ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਉਕਤ ਅਨੁਸਾਰ 35 ਲੱਖ ਰੁਪਏ ਪਾਸ ਕੀਤੇ ਗਏ।
ਮੀਟਿੰਗ ਵਿੱਚ ਕਮਿਸ਼ਨਰ ਕਮਲ ਕੁਮਾਰ ਗਰਗ, ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਅਕਾਲੀ ਕੌਂਸਲਰ ਫੂਲਰਾਜ ਸਿੰਘ ਕਾਂਗਰਸੀ ਕੌਂਸਲਰ ਅਮਰੀਕ ਸਿੰਘ ਸੋਮਲ, ਐਸਈ ਅਸ਼ਵਨੀ ਚੌਧਰੀ, ਐਕਸੀਅਨ ਨਰਿੰਦਰ ਸਿੰਘ ਦਾਲਮ ਅਤੇ ਮੇਅਰ ਦੀ ਨਿੱਜੀ ਸਹਾਇਕ ਤੇ ਅਦਾਕਾਰਾਂ ਸਤਵਿੰਦਰ ਕੌਰ ਸੈਵੀ ਵੀ ਹਾਜ਼ਰ ਸਨ।