ਵਿਕਾਸ ਪੱਖੋਂ ਬਦਲੇਗੀ ਸ਼ਹਿਰ ਦੀ ਨੁਹਾਰ: ਨਗਰ ਨਿਗਮ ਵੱਲੋਂ 26.61 ਕਰੋੜ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ

ਮੁਹਾਲੀ ਵਿੱਚ ਗੈਰ-ਕਾਨੂੰਨੀ ਫੜੀ ਵਾਲਿਆਂ ਨੂੰ ਰੋਕਣ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਮੁਹਾਲੀ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਦੀ ਆਸ ਬੱਝ ਗਈ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਨੇ ਕਰੀਬ 26.61 ਕਰੋੜ ਰੁਪਏ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫ਼ੈਸਲਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਟੀ ਬੇਨਿਥ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ ਸਮੇਤ ਕਮੇਟੀ ਕੌਂਸਲਰ ਅਨੁਰਾਧਾ ਅਨੰਦ ਤੇ ਹੋਰ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਕੰਮਾਂ ’ਤੇ ਚਰਚਾ ਕਰਦਿਆਂ 25.56 ਕਰੋੜ ਰੁਪਏ ਦੇ ਨਵੇਂ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਜਦੋਂਕਿ 1.5 ਕਰੋੜ ਰੁਪਏ ਦੇ ਨਵੇਂ ਅਨੁਮਾਨਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵੈਸਟ ਮੈਨੇਜਮੈਂਟ ਪ੍ਰਣਾਲੀ ਨੂੰ ਹੋਰ ਸੁਧਾਰਨ ਲਈ 1.5 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ’ਚੋਂ 1 ਕਰੋੜ ਪ੍ਰੋਸੈਸਿੰਗ ਲਈ ਵਰਤੇ ਜਾਣਗੇ, ਜਦਕਿ 50 ਲੱਖ ਰੁਪਏ ਸਾਈਟ ਦੇ ਰੱਖ-ਰਖਾਅ ਲਈ ਰਾਖਵੇਂ ਰੱਖੇ ਗਏ ਹਨ। ਸ਼ਹਿਰ ਵਿੱਚ ਰੋਜ਼ਾਨਾ 1 ਟਨ ਕਚਰਾ ਇਕੱਠਾ ਹੁੰਦਾ ਹੈ। ਇਹ ਪ੍ਰਾਜੈਕਟ ਮੁਹਾਲੀ ਵਿੱਚ ਵੈਸਟ ਮੈਨੇਜਮੈਂਟ ਪ੍ਰਬੰਧਾਂ ਵਿੱਚ ਸੁਧਾਰ ਲਿਆਏਗਾ।
ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਗੈਰ-ਕਾਨੂੰਨੀ ਫੜੀ ਵਾਲਿਆਂ ਨੂੰ ਰੋਕਣ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਲਈ 4 ਹੋਰ ਵਾਹਨ ਸ਼ਾਮਲ ਕੀਤੇ ਜਾਣਗੇ, ਤਾਂ ਜੋ ਇਨ੍ਹਾਂ ਗਤੀਵਿਧੀਆਂ ’ਤੇ ਨਿਗਰਾਨੀ ਰੱਖੀ ਜਾ ਸਕੇ। ਨਵੇਂ ਪ੍ਰਾਜੈਕਟਾਂ ਵਿੱਚ 25 ਲੱਖ ਬਜਟ ਨਾਲ ਕਚਰੇ ਦੀ ਸੰਭਾਲ ਕਰਦਿਆਂ ਸ਼ਹਿਰ ਵਿੱਚ ਖਾਲੀ ਥਾਵਾਂ ਨੂੰ ਰਿਕਰੇਸ਼ਨਲ ਖੇਤਰਾਂ ਵਿੱਚ ਬਦਲਣ ਦੀ ਯੋਜਨਾ ਹੈ। ਨਾਲ ਹੀ ਸੈਕਟਰ-78 ਵਿੱਚ ਅੱਗ ਬੁਝਾਉਣ ਵਾਲੇ ਸਟੇਸ਼ਨ ਨੂੰ ਮਾਡਰਨ ਬਣਾਉਣ ਅਤੇ ਨਵੀਆਂ ਮਸ਼ੀਨਾਂ ਸ਼ਾਮਲ ਕੀਤੀਆਂ ਜਾਣਗੀਆਂ।
ਸ਼ਹਿਰ ਦੇ ਮੁੱਖ ਰਸਤਿਆਂ ਵਿੱਚ ਸੁਧਾਰ ਕਰਨ ਲਈ 3 ਕਰੋੜ ਰੁਪਏ ਖ਼ਰਚੇ ਜਾਣਗੇ। ਦੀਵਾਲੀ ਤੋਂ ਪਹਿਲਾਂ ਸ਼ਹਿਰ ਨੂੰ ਰੌਸ਼ਨ ਕਰਨ ਲਈ ਨਵੀਆਂ ਫਲੱਡ ਲਾਈਟਾਂ ਲਗਾਉਣ ਦਾ ਅਨੁਮਾਨ ਹੈ। ਸੈਕਟਰ-56, ਫੇਜ਼-6, ਦੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਮਿੱਟੀ ਭਰਾਈ, ਫੁੱਟਪਾਥ ਅਤੇ ਹੋਰ ਜ਼ਰੂਰੀ ਸੁਧਾਰਾਂ ਸਮੇਤ ਬਾਉਂਡਰੀ ਵਾਲ ਦੀ ਤਿਆਰੀ ਲਈ 32.61 ਲੱਖ ਖ਼ਰਚਣ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ 50 ਲੱਖ ਪੈਚ ਵਰਕ ਅਤੇ ਰੱਖ-ਰਖਾਅ ਲਈ ਰਾਖਵੇਂ ਰੱਖੇ ਗਏ ਹਨ। ਇੰਜ ਹੀ ਫੇਜ਼-11 ਅਤੇ ਫੇਜ਼-2 ਵਿੱਚ ਕਮਿਊਨਿਟੀ ਸੈਂਟਰਾਂ ਨੂੰ ਅਪਗਰੇਡ ਕੀਤਾ ਜਾਵੇਗਾ। ਸੀਵਰ ਲਾਈਨਾਂ ਦੇ ਨਵੇਂ ਲਗਾਉਣ ਅਤੇ ਪੁਰਾਣੀਆਂ ਲਾਈਨਾਂ ਦੀ ਮੁਰੰਮਤ, ਖੱਡਿਆਂ ਦੀ ਮੁਰੰਮਤ, ਅਤੇ ਉਦਯੋਗਿਕ ਖੇਤਰ ਦੇ ਰਸਤਿਆਂ ਦੀ ਮੁਰੰਮਤ ਲਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…