ਈਟੀਓ ਰਣਜੀਤ ਸਿੰਘ ਦੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਮਿਲ ਰਹੀਆਂ ਨੇ ਧਮਕੀਆਂ

ਪੀੜਤ ਪਰਿਵਾਰ ਦਾ ਦੋਸ਼, ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਹੋ ਰਹੀ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਇੱਥੋਂ ਦੇ ਫੇਜ਼-2 ਦੇ ਵਸਨੀਕ ਈਟੀਓ ਰਣਜੀਤ ਸਿੰਘ ਵੱਲੋਂ ਕਰੀਬ ਸਾਲ 2011 ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੀ ਗਈ ਸੀ। ਅਧਿਕਾਰੀ ਨੇ ਇਹ ਕਦਮ ਵਿਜੀਲੈਂਸ ਵੱਲੋਂ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਤੋਂ ਬਾਅਦ ਚੁੱਕਿਆ ਗਿਆ ਸੀ। ਬਾਅਦ ਵਿੱਚ ਸਿੱਟ ਨੇ ਅਧਿਕਾਰੀ ਨੂੰ ਕਲੀਨ ਚਿੱਟ ਵੀ ਦਿੱਤੀ ਗਈ ਸੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਈਟੀਓ ਰਣਜੀਤ ਸਿੰਘ ਦੀ ਖ਼ੁਦਕੁਸ਼ੀ ਤੋਂ ਬਾਅਦ ਉਸ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਪਤੀ ਨੂੰ ਬੇਕਸੂਰ ਠਹਿਰਾਉਣ ਅਤੇ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਾਲਿਆਂ ਖ਼ਿਲਾਫ਼ ਲੰਮੀ ਲੜਾਈ ਲੜੀ। ਜਿਸ ਤੋਂ ਬਾਅਦ ਪੁਲੀਸ ਨੇ ਤਤਕਾਲੀ ਐਸਪੀ ਵਿਜੀਲੈਂਸ ਅਮਨਦੀਪ ਕੌਰ, ਉਸਦੇ ਰੀਡਰ ਹਰਵਿੰਦਰ ਸਿੰਘ, ਵਪਾਰੀ ਰਜਿੰਦਰ ਗੋਪੀ, ਵਪਾਰੀ ਰਾਜੀਵ ਸੂਦ ਅਤੇ ਵਪਾਰੀ ਪਰਮਜੀਤ ਸਿੰਘ ਦੇ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਹੁਣ ਈਟੀਓ ਦੀ ਪਤਨੀ ਮਨਜੀਤ ਕੌਰ ਨੂੰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੇਸ ਵਾਪਸ ਲੈ ਕੇ ਆਪਣੇ ਬਿਆਨ ਵਾਪਸ ਲਵੇ, ਨਹੀਂ ਤਾਂ ਉਸ ਨੂੰ ਵੀ ਉਸ ਦੇ ਪਤੀ ਕੋਲ ਭੇਜ ਦਿੱਤਾ ਜਾਵੇਗਾ। ਇਸ ਸਬੰਧੀ ਈਟੀਓ ਦੀ ਪਤਨੀ ਮਨਜੀਤ ਕੌਰ ਨੇ ਐਸਐਸਪੀ ਨੂੰ ਦੋ ਹਫ਼ਤੇ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਸਹਿਮ ਦੇ ਸਾਏ ਹੇਠ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਈਟੀਓ ਰਣਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ 14 ਨਵੰਬਰ ਨੂੰ ਵਟਸਐਪ ਕਾਲ ਆਈ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਤੁਸੀਂ ਐਸਪੀ ਵਿਰੁੱਧ ਲੜ ਰਹੇ ਕੇਸ ’ਚੋਂ ਪਾਸੇ ਹਟ ਜਾਓ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ ਅਤੇ ਤੁਸੀਂ ਥੋੜ੍ਹੇ ਸਮੇਂ ਵਿੱਚ ਖਤਮ ਹੋ ਜਾਵੋਗੇ। ਜਿਸ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਪਿੱਛੇ ਨਹੀਂ ਹਟਣਗੇ, ਤੁਸੀਂ ਜੋ ਚਾਹੋ ਕਰ ਸਕਦੇ ਹੋ। ਮਨਜੀਤ ਕੌਰ ਨੇ ਦੱਸਿਆ ਕਿ ਇਹ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਉਸ ਨੇ ਐਸਐਸਪੀ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਸੀ ਅਤੇ ਜਿਸ ਨੰਬਰ ਤੋਂ ਉਸ ਨੂੰ ਵਸਟਅਪ ਕਾਲ ਆਈ ਸੀ, ਉਹ ਵੀ ਪੁਲੀਸ ਨੂੰ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…