ਦੰਗਾ ਪੀੜਤ ਪਰਿਵਾਰ ਚਾਰ ਦਹਾਕਿਆਂ ਤੋਂ ਇਨਸਾਫ਼ ਲਈ ਖੱਜਲ-ਖੁਆਰ, ਕਮੇਟੀ ਦਾ ਗਠਨ

ਸੈਕਟਰ-77 ਵਿੱਚ ਮੁਰਗੀਆਂ ਦੇ ਖੁੱਡਿਆਂ ਤੋਂ ਵੀ ਛੋਟੇ ਬੂਥ ਬਣਾਏ, ਰਸਤਾ ਵੀ ਕਾਫ਼ੀ ਤੰਗ

ਪੀੜਤਾਂ ਦੀ ਅਪੀਲ ’ਤੇ ਐਸਡੀਐਮ, ਤਹਿਸੀਲਦਾਰ ਤੇ ਗਮਾਡਾ ਟੀਮ ਨੇ ਦੌਰੇ ਕਰਕੇ ਲਿਆ ਜਾਇਜ਼ਾ

ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ:
ਨਵੰਬਰ 1984 ਸਿੱਖ ਦੰਗਾ ਪੀੜਤ ਪਰਿਵਾਰ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਦੰਗਿਆਂ ਤੋਂ ਬਾਅਦ ਵੱਡੀ ਗਿਣਤੀ ਪੀੜਤ ਪਰਿਵਾਰਾਂ ਨੇ ਮੁਹਾਲੀ ਅਤੇ ਆਸਪਾਸ ਇਲਾਕੇ ਵਿੱਚ ਆ ਕੇ ਸ਼ਰਨ ਲਈ ਸੀ। ਦੰਗਾ ਪੀੜਤਾਂ ਲਈ ਸੈਕਟਰ-77 ਵਿੱਚ ਰਾਖਵੀਂ ਰੱਖੀ ਜ਼ਮੀਨ ’ਤੇ ਬਣਾਏ ਬੂਥ ਵੀ ਕੰਮ ਨਹੀਂ ਆ ਰਹੇ। ਇੱਥੇ ਬਹੁਤ ਛੋਟੇ ਆਕਾਰ ਦੇ ਬੂਥ ਬਣਾਏ ਗਏ ਅਤੇ ਰਸਤਾ ਵੀ ਕਾਫ਼ੀ ਤੰਗ ਛੱਡਿਆ ਗਿਆ ਹੈ। ਉਧਰ, ਅੱਜ ਦੰਗਾ ਪੀੜਤਾਂ ਦੀ ਅਪੀਲ ’ਤੇ ਮੁਹਾਲੀ ਦੇ ਐਸਡੀਐਮ ਦੀਪਾਂਕਰ ਗਰਗ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਅਤੇ ਗਮਾਡਾ ਦੀ ਟੀਮ ਨੇ ਬੂਥ ਮਾਰਕੀਟ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ।
1984 ਸਿੱਖ ਕਤਲੇਆਮ ਵੈੱਲਫੇਅਰ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਜਨਰਲ ਸਕੱਤਰ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਹੋਰਨਾਂ ਪੀੜਤਾਂ ਨੇ ਮੌਕਾ ਦੇਖਣ ਪਹੁੰਚੇ ਅਧਿਕਾਰੀਆਂ ਅੱਗੇ ਆਪਣੀਆਂ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਸੈਕਟਰ-77 ਵਿੱਚ ਬਹੁਤ ਛੋਟੇ ਸਾਈਜ਼ ਦੇ ਬੂਥ ਬਣਾਏ ਗਏ ਹਨ ਜਦੋਂਕਿ ਮੁਰਗੀਆਂ ਦੇ ਖੁੱਡੇ ਵੀ ਇਸ ਤੋਂ ਵੱਡੇ ਹੁੰਦੇ ਹਨ। ਗਮਾਡਾ ਵੱਲੋਂ ਇੱਥੇ ਬਿਜਲੀ-ਪਾਣੀ, ਸੜਕਾਂ ਦੀ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਬਾਥਰੂਮ ਬਣਾਏ ਗਏ ਹਨ। ਇੰਜ ਹੀ ਫੇਜ਼-6 ਵਿੱਚ ਪੈਟਰੋਲ ਪੰਪ ਦੇ ਸਾਹਮਣੇ ਸੜਕ ਦੇ ਨਾਲ ਦੰਗਾ ਪੀੜਤਾਂ ਲਈ ਜ਼ਮੀਨ ਰਾਖਵੀਂ ਰੱਖੀ ਗਈ ਸੀ ਪ੍ਰੰਤੂ ਇਹ ਜ਼ਮੀਨ ਰੇਹੜੀ-ਫੜੀਆਂ ਵਾਲਿਆਂ ਨੂੰ ਅਲਾਟ ਕਰ ਦਿੱਤੀ ਹੈ।
ਸੁਖਵਿੰਦਰ ਭਾਟੀਆ ਨੇ ਦੱਸਿਆ ਕਿ ਏਡੀਸੀ (ਜਨਰਲ) ਵੱਲੋਂ ਅੱਜ ਐਸਡੀਐਮ ਦੀ ਨਿਗਰਾਨੀ ਵਿੱਚ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਡੀਸੀ ਮੁਹਾਲੀ ਨੂੰ ਰਿਪੋਰਟ ਕਰੇਗੀ, ਜਿਸ ਵਿੱਚ ਗਮਾਡਾ ਦੇ ਜ਼ਿਲ੍ਹਾ ਟਾਊਨ ਪਲਾਨਰ, ਸਬ ਡਿਵੀਜ਼ਨ ਅਫ਼ਸਰ (ਇਲੈਕਟ੍ਰੀਕਲ), ਸਬ ਡਿਵੀਜ਼ਨ ਅਫ਼ਸਰ (ਸਿਵਲ) ਨੇ ਮੌਕਾ ਦੇਖਿਆ। ਇਸ ਮੌਕੇ ਰਛਪਾਲ ਕੌਰ, ਹਾਕਮ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ, ਹਰਚਰਨ ਸਿੰਘ ਸਮੇਤ ਹੋਰ ਪੀੜਤ ਪਰਿਵਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…