nabaz-e-punjab.com

ਪ੍ਰਾਈਵੇਟ ਸਿੱਖਿਆ ਸੰਸਥਾ ਐਫ਼ਸੀਐਸ ਫਾਉਡੇਸ਼ਨ ਨੇ 5 ਸਕੂਲਾਂ ਨੂੰ ਚਲਾਉਣ ਤੋਂ ਹੱਥ ਪਿੱਛੇ ਖਿੱਚਿਆ

ਪੰਜਾਬ ਸਿੱਖਿਆ ਵਿਕਾਸ ਬੋਰਡ ਕਿਸੇ ਵੀ ਹਾਲ ਵਿੱਚ ਆਦਰਸ਼ ਸਕੂਲਾਂ ਨੂੰ ਬੰਦ ਨਹੀਂ ਹੋਣ ਦੇਵੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਪੰਜਾਬ ਵਿੱਚ ਇਸ ਸਮੇਂ 26 ਆਦਰਸ਼ ਸਕੂਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਚਲਾਏ ਜਾ ਰਹੇ ਹਨ। ਇਨ੍ਹਾਂ ਸਕੂਲਾਂ ਦਾ ਸਮੁੱਚਾ ਪ੍ਰਬੰਧ ਸਕੂਲ ਚਲਾਉਣ ਵਾਲੀ ਸੰਸਥਾ ਕੋਲ ਹੁੰਦਾ ਹੈ। ਸਿੱਖਿਆ ਵਿਕਾਸ ਬੋਰਡ ਖਰਚੇ ਦਾ 70 ਫੀਸਦੀ ਅਦਾ ਕਰਦਾ ਹੈ ਜਦੋਂ ਕਿ 30 ਫੀਸਦੀ ਸੰਸਥਾ ਆਪਣੇ ਕੋਲੋਂ ਖਰਚਾ ਕਰਦੀ ਹੈ। ਐਗਰੀਮੈਂਟ ਅਨੁਸਾਰ ਸਟਾਫ਼ ਨੂੰ ਭਰਤੀ ਕਰਨ ਅਤੇ ਉਨ੍ਹਾਂ ਦੀ ਤਨਖ਼ਾਹ ਫਿਕਸ ਕਰਨ ਦਾ ਹੱਕ ਵੀ ਸੰਸਥਾ ਕੋਲ ਹੈ। ਸੰਸਥਾ ਵੱਲੋਂ ਵਿਦਿਆਰਥੀਆਂ ਤੋਂ ਕਿਸੇ ਪ੍ਰਕਾਰ ਦਾ ਕੋਈ ਫੰਡ ਜਾਂ ਫੀਸ ਨਹੀਂ ਲਈ ਜਾਂਦੀ। ਮਿਡ-ਡੇਅ-ਮੀਲ ਯੋਜਨਾ ਅਧੀਨ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ’ਚੋਂ 5 ਸਕੂਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ (ਐਸਬੀਐਸ ਨਗਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਨਵਾਂ ਗਰਾਂ (ਐਸਬੀਐਸ ਨਗਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ (ਸੰਗਰੂਰ), ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ (ਸੰਗਰੂਰ) ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ (ਬਰਨਾਲਾ) ਐਫ਼ਸੀਐਸ ਫਾਉਡੇਸ਼ਨ ਲਿਮਟਿਡ ਵੱਲੋਂ 2010-11 ਤੋਂ ਚਲਾਏ ਜਾਂਦੇ ਸਨ। ਇਸ ਸੰਸਥਾ ਨੇ ਅਪਰੈਲ 2017 ਤੋਂ ਲੈ ਕੇ ਹੁਣ ਤੱਕ ਨਾ ਹੀ ਆਪਣੇ ਸਟਾਫ਼ ਨੂੰ ਤਨਖਾਹ ਦਿੱਤੀ ਅਤੇ ਨਾ ਹੀ ਸਿੱਖਿਆ ਵਿਕਾਸ ਬੋਰਡ ਕੋਲੋਂ ਖਰਚਾ ਕਲੇਮ ਕੀਤਾ ਹੈ।
ਸਿੱਖਿਆ ਵਿਕਾਸ ਬੋਰਡ ਵੱਲੋੱ ਇਸ ਸਮੇਂ 1852 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਮਹੀਨੇ ਦਾ ਖਰਚਾ ਫਿਕਸ ਕੀਤਾ ਹੋਇਆ ਹੈ। ਜਿਸ ’ਚੋਂ ਲੋੜ ਅਨੁਸਾਰ ਸੰਸਥਾ ਖਰਚਾ ਕਰਕੇ ਸਿੱਖਿਆ ਵਿਕਾਸ ਬੋਰਡ ਤੋਂ ਕਲੇਮ ਕਰਦੀ ਹੈ। ਬੁਲਾਰੇ ਅਨੁਸਾਰ ਪਿਛਲੇ ਸਮੇਂ ਤੋਂ ਐਫ਼ਸੀਐਸ ਸੰਸਥਾ ਵੱਲੋਂ ਸਟਾਫ਼ ਨੂੰ ਤਨਖਾਹ ਨਾ ਦੇਣ ਕਾਰਨ ਸੰਸਥਾ ਅਤੇ ਸਟਾਫ਼ ਦਾ ਝਗੜਾ ਚੱਲ ਰਿਹਾ ਸੀ ਜਿਸ ਨਾਲ ਪੜ੍ਹਾਈ ਦਾ ਮਾਹੌਲ ਖ਼ਰਾਬ ਹੋਣ ਕਾਰਨ 25 ਅਕਤੂਬਰ ਨੂੰ ਇੱਕ ਇਕੱਤਰਤਾ ਬੁਲਾਈ ਗਈ ਸੀ। ਜਿਸ ਵਿੱਚ ਸੰਸਥਾ ਦੇ ਨੁਮਾਇੰਦੇ, ਸਕੂਲ ਕਮੇਟੀ ਮੈਂਬਰ, ਮਾਪੇ ਅਤੇ ਅਧਿਆਪਕ ਹਾਜ਼ਰ ਸਨ, ਇਸ ਇਕੱਤਰਤਾ ਵਿੱਚ ਐਫ਼ਸੀਐਸ ਫਾਉਡੇਸ਼ਨ ਨੇ ਸਕੂਲ ਚਲਾਉਣ ਤੋਂ ਆਪਣੀ ਅਸਮਰੱਥਾ ਜਤਾਉੱਦੇ ਹੋਏ ਭਵਿੱਖ ਵਿੱਚ ਸਕੂਲ ਚਲਾਉਣ ਤੋਂ ਮਨ੍ਹਾ ਕਰ ਦਿੱਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਨ੍ਹਾਂ ਸਕੂਲਾਂ ਨੂੰ ਹੋਰ ਕਿਸੇ ਸੰਸਥਾ, ਜੋ ਕਿ ਪਹਿਲਾਂ ਹੀ ਨਿੱਜੀ ਭਾਈਵਾਲੀ ਪ੍ਰਬੰਧ ਅਧੀਨ ਆਦਰਸ਼ ਸਕੂਲ ਚਲਾ ਰਹੀ ਹੈ, ਨੂੰ ਸੌਂਪਣ ਹਿੱਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਬਹੁਤ ਜਲਦ ਹੀ (ਦੋ-ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ) ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਵਿਕਾਸ ਬੋਰਡ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…