
ਸਿੱਖਿਆ ਬੋਰਡ ਦੀ ਵਿੱਤੀ ਹਾਲਤ ਮਾੜੀ: ਮੁਲਾਜ਼ਮ ਜਥੇਬੰਦੀ ਤੇ ਸੇਵਾਮੁਕਤ ਕਰਮਚਾਰੀਆਂ ਨੇ ਕੀਤੀ ਗੇਟ ਰੈਲੀ
ਸਰਕਾਰ ਵੱਲੋਂ 725 ਕਰੋੜ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਕਰਕੇ ਮਾੜੀ ਹੋਈ ਵਿੱਤੀ ਹਾਲਤ: ਖੰਗੂੜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਪੰਜਾਬ ਸਰਕਾਰ ਵੱਲੋਂ ਸਿੱਖਿਆ ਬੋਰਡ ਨੂੰ ਪਾਠ-ਪੁਸਤਕਾਂ ਅਤੇ ਫ਼ੀਸਾਂ ਦੀ 700 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇਹੀ ਨਹੀਂ ਸਕੂਲ ਬੋਰਡ ਦੀ ਇਮਾਰਤ ਵਿੱਚ ਚੱਲ ਰਹੇ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਦਫ਼ਤਰਾਂ ਦਾ ਕਿਰਾਇਆ ਵੀ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਬਕਾਇਆ ਰਾਸ਼ੀ ਵੱਧ ਕੇ 25 ਕਰੋੜ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਅਤੇ ਸੇਵਾਮੁਕਤ ਮੁਲਾਜ਼ਮ ਜਥੇਬੰਦੀ ਨੇ ਅੱਜ ਸਾਂਝੇ ਤੌਰ ’ਤੇ ਗੇਟ ਰੈਲੀ ਕਰਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ, ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਠ-ਪੁਸਤਕਾਂ ਅਤੇ ਫੀਸਾਂ ਦੀ ਲਗਪਗ 700 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਤੇ ਬੋਰਡ ਕੰਪਲੈਕਸ ਵਿੱਚ ਚੱਲ ਰਹੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵੱਲ 25 ਕਰੋੜ ਕਿਰਾਇਆਂ ਖੜਾ ਹੈ। ਜਿਸ ਕਾਰਨ ਬੋਰਡ ਦੀ ਵਿੱਤੀ ਹਾਲਤ ਐਨੀ ਪਤਲੀ ਹੋ ਗਈ ਹੈ ਕਿ ਸੇਵਾਮੁਕਤ ਸਾਥੀਆਂ ਨੂੰ ਅਪਰੈਲ ਮਹੀਨੇ ਦੀ ਪੈਨਸ਼ਨ ਵੀ ਨਹੀਂ ਮਿਲੀ ਅਤੇ ਇਸ ਸਾਲ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਵੀ ਅਜੇ ਤੱਕ ਕੋਈ ਵਿੱਤੀ ਲਾਭ ਨਹੀਂ ਦਿੱਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਕਾਇਆ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਤਾਂ ਬੋਰਡ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖ਼ਾਹ ਦੇਣੀ ਵੀ ਅੌਖੀ ਹੋ ਜਾਵੇਗੀ।
ਆਗੂਆਂ ਨੇ ਕਿਹਾ ਕਿ ਰਿਟਾਇਰੀ ਸਾਥੀਆਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਆਰਥਿਕ ਤੰਗੀ ’ਚੋਂ ਗੁਜ਼ਰ ਰਹੇ ਸੇਵਾਮੁਕਤ ਮੁਲਾਜ਼ਮਾਂ ਨੂੰ ਦਵਾਈ, ਘਰੇਲੂ ਖ਼ਰਚ ਕਰਨਾ ਵੀ ਅੌਖਾ ਹੋ ਗਿਆ ਹੈ। ਮੈਡੀਕਲ ਬਿੱਲਾਂ ਦਾ ਭੁਗਤਾਨ ਵੀ ਨਹੀਂ ਕੀਤਾ ਰਿਹਾ। ਉਨ੍ਹਾਂ ਕਿਹਾ ਕਿ 1-1-2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ/ਅਧਿਕਾਰੀਆਂ ਨੂੰ ਗਰੈਚੁਟੀ ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ। ਮੀਡੀਆ ਨੂੰ ਇਹ ਜਾਣਕਾਰੀ ਜਥੇਬੰਦੀ ਦੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ ਨੇ ਦਿੱਤੀ।