ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਦਾਖ਼ਲ ਨਹੀਂ ਕੀਤੇ ਨਾਮਜ਼ਦਗੀ ਪੱਤਰ: ਮਾਂਗਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 52-ਖਰੜ, 53-ਐਸ.ਏ.ਐਸ. ਨਗਰ ਅਤੇ 112-ਹਲਕਾ ਡੇਰਾਬੱਸੀ ਲਈ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲੜਨ ਦਾ ਚਾਹਵਾਨ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 18 ਜਨਵਰੀ ਤੱਕ ਸਬੰਧਤ ਰੀਟਰਨਿੰਗ ਅਫ਼ਸਰਾਂ ਕੋਲ ਨਿਰਧਾਰਿਤ ਸਥਾਨਾਂ ’ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕਰਵਾ ਸਕਦੇ ਹਨ।
ਸ੍ਰੀ ਮਾਂਗਟ ਨੇ ਦੱਸਿਆ ਕਿ ਮਿਤੀ 14 ਅਤੇ 15 ਜਨਵਰੀ, 2017 ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਜਨਵਰੀ ਨੂੰ ਹੋਵੇਗੀ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ। ਵੋਟਾਂ 4 ਫਰਵਰੀ ਦਿਨ ਸ਼ਨੀਵਾਰ ਨੂੰੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਪਾਈਆਂ ਜਾ ਸਕਣਗੀਆਂ। ਵੋਟਾਂ ਦੀ ਗਿਣਤੀ 11 ਮਾਰਚ 2017 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 052-ਖਰੜ ਤੋਂ ਲੜਨ ਵਾਲੇ ਉਮੀਦਵਾਰ ਆਪਣੇ ਕਾਗਜ ਐਸ.ਡੀ.ਐਮ. ਦਫਤਰ ਖਰੜ ਵਿਖੇ ਰਿਟਰਨਿੰਗ ਅਫਸਰ ਕਮ-ਐਸ.ਡੀ.ਐਮ. ਖਰੜ ਕੋਲ ਦਾਖਲ ਕਰਵਾ ਸਕਣਗੇ ਅਤੇ ਹਲਕਾ 53-ਐਸ.ਏ.ਐਸ. ਨਗਰ ਲਈ ਚੋਣ ਲੜਨ ਵਾਲੇ ਉਮੀਦਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਐਸ.ਡੀ.ਐਮ. ਦੇ ਦਫਤਰ ਵਿਖੇ ਰਿਟਰਨਿੰਗ ਅਫਸਰ ਕਮ-ਐਸ.ਡੀ.ਐਮ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾ ਸਕਣਗੇ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 112-ਹਲਕਾ ਡੇਰਾਬਸੀ ਲਈ ਚੋਣ ਲੜਣ ਵਾਲੇ ਉਮੀਦਵਾਰ ਤਹਿਸੀਲ ਕੰਪਲੈਕਸ ਡੇਰਾਬਸੀ ਵਿਖੇ ਐਸ.ਡੀ.ਐਮ. ਦਫਤਰ ’ਚ ਰਿਟਰਨਿੰਗ ਅਫਸਰ ਕਮ-ਕਮ ਐਸ.ਡੀ.ਐਮ. ਡੇਰਾਬਸੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣਾ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਭਰ ਕੇ ਲੋੜੀਂਦੇ ਦਸਤਾਵੇਜਾਂ ਸਮੇਤ ਸਬੰਧਤ ਰਿਟਰਨਿਗ ਅਫ਼ਸਰ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ ਤੇ ਪੇਸ ਹੋ ਕੇ ਦੇਣਾ ਹੈ ।
ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਉਮੀਦਵਾਰ ਨੂੰ ਵੈਬਸਾਈਟ ਤੇ ਨੋਮੀਨੇਸ਼ਨ ਪੋਰਟਲ ਤੇ ਨਾਮਜਦਗੀ ਪੱਤਰ ਆਨਲਾਈਨ ਭਰਕੇ ਪ੍ਰਿੰਟ ਆਉਟ ਲੈਣ ਉਪਰੰਤ, ਹਸਤਾਖਰ ਕਰਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਜਮ੍ਹਾਂ ਕਰਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ ਤਾਂ ਜੋ ਨਾਮਜਦਗੀ ਪੱਤਰ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਸਕੇ। ਪਰੰਤੂ ਨਾਮਜਦਗੀ ਪੋਰਟਲ ਦੀ ਵਰਤੋਂ ਕਰਨੀ ਕਿਸੇ ਵੀ ਉਮੀਦਵਾਰ ਲਈ ਲਾਜ਼ਮੀ ਵੀ ਨਹੀਂ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਨਾਮਜਦਗੀ ਭਰਨ ਵੇਲੇ ਉਸ ਸਮੇਤ ਪੰਜ ਤੋਂ ਵਧੇਰੇ ਵਿਅਕਤੀਆਂ ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ, ਜਦਕਿ 100 ਮੀਟਰ ਦੇ ਘੇਰੇ ਵਿੱਚ ਉਮੀਦਵਾਰਾਂ ਦੀਆਂ ਤਿੰਨ ਤੋਂ ਵੱਧ ਗੱਡੀਆਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…