ਮੌਨਸੂਨ ਦੀ ਪਹਿਲੀ ਬਾਰਸ਼ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ, ਮੁਹਾਲੀ, 16 ਜੁਲਾਈ:
ਮੌਨਸੂਨ ਦੀ ਪਹਿਲੀ ਬਾਰਸ ਹੋਣ ਨਾਲ ਭਾਵੇਂ ਅਤਿ ਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਨਾਲ ਹੀ ਮੁਹਾਲੀ ਵਿੱਚ ਕਈ ਥਾਵਾਂ ’ਤੇ ਜਮ੍ਹਾ ਹੋਏ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਦੇ ਅਗਾਊਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਰਿਹਾਇਸ਼ੀ ਇਲਾਕੇ ਅਤੇ ਮੁੱਖ ਸੜਕਾਂ ’ਤੇ ਪਾਣੀ ਇਕੱਠਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਵਿੱਚ ਜਲ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ’ਤੇ ਜਮ੍ਹਾ ਹੋ ਗਿਆ। ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰੋਡ ਗਲੀਆਂ ਬੰਦ ਪਈਆਂ ਹਨ ਅਤੇ ਨਗਰ ਨਿਗਮ ਨੇ ਇਨ੍ਹਾਂ ਦੀ ਸਫ਼ਾਈ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ। ਸੁਖਦੀਪ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਹ ਨਗਰ ਨਿਗਮ ਦੀ ਕਮਿਸ਼ਨਰ ਨੂੰ ਵੀ ਮਿਲੇ ਸਨ। ਹਾਲਾਂਕਿ ਨਿਗਮ ਵੱਲੋਂ ਲੋਕਾਂ ਦੀ ਸੁਵਿਧਾ ਲਈ ਪਾਣੀ ਨਿਕਾਸੀ ਲਈ ਪੰਪ ਦੀ ਵੀ ਵਿਵਸਥਾ ਕੀਤੀ ਗਈ ਸੀ ਪ੍ਰੰਤੂ ਅਣਟਰੇਂਡ ਕਰਮਚਾਰੀ ਕਾਰਨ ਇਹ ਪੰਪ ਕਿਸੇ ਕੰਮ ਨਹੀਂ ਆਇਆ। ਕਰਮਚਾਰੀ ਪਾਈਪ ’ਤੇ ਕਲੰਪ ਵੀ ਨਹੀਂ ਲਗਾ ਸਕਿਆ। ਕਈ ਥਾਵਾਂ ’ਤੇ ਪਾਰਕਾਂ ਵਿੱਚ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ।
ਨੌਜਵਾਨ ਆਗੂ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ ਅਤੇ ਸੈਕਟਰ-70 ਅਤੇ ਸੈਕਟਰ-71 ਵਿੱਚ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੌਂਸਲਰਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ। ਰੇਖਾ ਸ਼ਰਮਾ ਨੇ ਦੱਸਿਆ ਕਿ ਕੁੰਭੜਾ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ।
ਗੁਰਮੇਲ ਸਿੰਘ ਮੌਜੇਵਾਲ, ਰਮਣੀਕ ਸਿੰਘ, ਸ੍ਰੀਮਤੀ ਸੋਨੀਆ ਸੰਧੂ ਸਮੇਤ ਹੋਰਨਾਂ ਵਿਅਕਤੀਆਂ ਨੇ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਦੇ ਹੋਏ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰੋਡ ਗਲੀਆਂ ਅਤੇ ਨਿਕਾਸੀ ਲਾਂਘੇ ਬੰਦ ਹੋਣ ਕਾਰਨ ਅੱਜ ਮਹਿਜ਼ ਇੱਕ ਕੁ ਘੰਟੇ ਦੀ ਬਾਰਸ਼ ਨੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…