ਪਹਿਲਾ ਸਿੱਖ ਹਾਕੀ ਟੂਰਨਾਮੈਂਟ: ਪੀ.ਆਈ.ਐਸ. ਮੁਹਾਲੀ, ਜਰਖੜ ਅਕਾਦਮੀ ਨੂੰ ਹਰਾ ਕੇ ਬਣਿਆ ਚੈਂਪੀਅਨ

ਜਰਖੜ ਸਟੇਡੀਅਮ ਬਣੇਗਾ ਸਿੱਖ ਖਿਡਾਰੀਆਂ ਦੀ ਵਿਰਾਸਤ: ਭਾਈ ਗੋਬਿੰਦ ਸਿੰਘ ਲੌਂਗੋਵਾਲ

ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 7 ਦਸੰਬਰ:
ਅੰਤਰ-ਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਜਰਖੜ ਸਟੇਡੀਅਮ ਵਿਖੇ ਕਰਵਾਇਆ ਗਿਆ। ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਵਿੱਚ ਪੀ.ਆਈ.ਐੱਸ. ਮੁਹਾਲੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਬੀਤੀ ਦੇਰ ਰਾਤ ਜਰਖੜ ਸਟੇਡੀਅਮ ਦੇ ਐਸਟਰੋਟਰਫ਼ ਮੈਦਾਨ ’ਤੇ ਖੇਡੇ ਗਏ ਫਾਇਨਲ ਮੁਕਾਬਲੇ ਵਿੱਚ ਪੀਆਈਐਸ ਮੁਹਾਲੀ ਨੇ ਐਮ.ਐਸ.ਕੇ ਜਰਖੜ ਨੂੰ 8-2 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 2-1 ਨਾਲ ਅੱਗੇ ਸੀ। ਪਹਿਲੇ ਅੱਧ ਤੱਕ ਮੁਕਾਬਲਾ ਦੋਵੇਂ ਟੀਮਾਂ ਬਰਾਬਰੀ ਤੇ ਸਨ। ਪਰ ਦੂਜੇ ਅੱਧ ‘ਚ ਜਿਵੇਂ ਹੀ ਮਹਿਮਾਨ ਟੀਮ ਨੇ ਹਮਲਾਵਾਰ ਖੇਡ ਦਾ ਰੁੱਖ ਅਪਣਾਇਆ, ਮੇਜ਼ਬਾਨ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ ਅਤੇ ਮੁਕਾਬਲਾ ਇੱਕ ਤਰਫ਼ਾ ਹੋ ਗਿਆ। ਮੈਚ ਦਾ ਪਹਿਲਾ ਗੋਲ ਭਾਵੇਂ ਜਰਖੜ ਅਕਾਦਮੀ ਦੇ ਮਨਪ੍ਰੀਤ ਸਿੰਘ ਨੇ ਕੀਤਾ, ਪਰ ਦੂਜੇ ਅੱਧ ਵਿੱਚ ਮੁਹਾਲੀ ਦੇ ਸ਼ਰਨਜੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਜੇਤੂ ਹੈਟਰਿਕ ਤੋਂ ਇਲਾਵਾ ਦੋ ਗੋਲ ਅੰਗਦ ਸਿੰਘ ਨੇ ਕੀਤੇ। ਇਸ ਤੋਂ ਪਹਿਲਾਂ ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ ਨੇ ਚੰਡੀਗੜ੍ਹ ਅਕਾਦਮੀ ਨਾਲ 3-3 ਦੀ ਬਰਾਬਰੀ ‘ਤੇ ਖੇਡਦਿਆਂ ਪਨਾਲਟੀ ਛੂਟ ਆਉਟ ‘ਚ ਚੰਡੀਗੜ੍ਹ ਨੂੰ 3-2 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਮੁਹਾਲੀ ਦੇ ਰਮਨਦੀਪ ਸਿੰਘ ਨੂੰ ਮੈਨ ਆਫ਼ ਦਾ ਟੂਰਨਾਮੈਂਟ, ਮੁਹਾਲੀ ਦੇ ਹੀ ਸ਼ਰਨਜੀਤ ਸਿੰਘ ਨੂੰ ਸਰਵੋਤਮ ਸਕੋਰਰ, ਜਰਖੜ ਅਕਾਦਮੀ ਦੇ ਹਰਮਿਲਾਪ ਸਿੰਘ ਨੂੰ ਟੂਰਨਾਮੈਂਟ ਦੇ ਸਰਵੋਤਮ ਗੋਲ ਕੀਪਰ ਦਾ ਅਵਾਰਡ ਮਿਲਿਆ।
ਮੁੱਖ ਮਹਿਮਾਨ ਵਜੋਂ ਪੁੱਜੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਚੈਂਪੀਅਨ ਟੀਮ ਮੁਹਾਲੀ ਨੂੰ ਜੇਤੂ ਟਰਾਫ਼ੀ ਅਤੇ 51,000 ਰੁਪਏ ਦੀ ਇਨਾਮੀ ਰਾਸ਼ੀ ਉਪ ਜੇਤੂ ਟੀਮ ਜਰਖੜ ਅਕਾਦਮੀ ਨੂੰ 31,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ। ਜਦਕਿ ਫਾਇਨਲ ਸਮਾਰੋਹ ਦੀ ਪ੍ਰਧਾਨਗੀ ਐਸ.ਕੇ. ਸਿੰਘ ਉਬਰਾਏ ਦੁਬਈ ਨੇ ਕੀਤੀ। ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮੁੱਖ ਮਹਿਮਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਉਦੈ ਸਿੰਘ ਲੌਂਗੋਵਾਲ, ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਮੇਲ ਸਿੰਘ ਸੰਗੋਵਾਲ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਜਰਖੜ, ਕੈਪਟਨ ਅਜੀਤ ਸਿੰਘ ਗਿੱਲ, ਮਲਕੀਤ ਸਿੰਘ ਆਲਮਗੀਰ, ਸਰਪੰਚ ਜਗਦੀਸ਼ ਸਿੰਘ ਕਾਲਾ ਘਵੱਦੀ, ਉੱਘੇ ਸਨਅਤਕਾਰ ਹਰੀ ਓਮ ਵਰਮਾ, ਅਮਨਦੀਪ ਕੌਰ ਮਜੀਠਾ, ਮਨਦੀਪ ਕੌਰ ਸੰਧੂ ਪ੍ਰਧਾਨ ਸਿੱਖ ਵਿਦਿਆਰਥੀ ਜੱਥੇਬੰਦੀ, ਸਿਮਰਜੀਤ ਕੌਰ ਮਜੀਠਾ, ਪਰਮਬੀਰ ਕੌਰ ਜ਼ੀਰਾ, ਬਿੱਕਰ ਸਿੰਘ ਚੀਮਾ, ਬਲਬੀਰ ਸਿੰਘ ਫਗਲਾਣਾ, ਡਾ. ਮੁਖਤਿਆਰ ਸਿੰਘ ਧਾਲੀਵਾਲ, ਪਲਵਿੰਦਰ ਸਿੰਘ ਖਹਿਰਾ ਨਿਉਜ਼ੀਲੈਂਡ, ਹਰਮੀਤ ਸਿੰਘ ਖਹਿਰਾ ਨਿਉਜ਼ੀਲੈਂਡ, ਵਰਿਆਮ ਸਿੰਘ ਗਰੇਵਾਲ ਅਸਟ੍ਰੇਲੀਆ, ਬ੍ਰਿਜ ਗੋਇਲ, ਜਸਬੀਰ ਸਿੰਘ ਮੁਹਾਲੀ, ਮਹਾਂਵੀਰ ਸਿੰਘ, ਮਨਮੋਹਣ ਸਿੰਗ ਮੁਹਾਲੀ, ਅੰਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਲਤਾਲਾ, ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ ਆਦਿ ਸਖਸ਼ੀਅਤਾਂ ਹਾਜ਼ਰ ਸਨ।
ਸਿੱਖੀ ਅਤੇ ਸਮਾਜ-ਸੇਵੀ ਪੰਜ ਸਖ਼ਸ਼ੀਅਤਾਂ ਦਾ ਹੋਇਆ ਸਨਮਾਨ
ਸਿੱਖ ਸਪੋਰਟਸ ਕੌਂਸਲ ਵੱਲੋਂ ਸਿੱਖੀ ਖੇਤਰ ਅਤੇ ਸਮਾਜ ਦੇ ਹੋਰ ਖੇਤਰਾਂ ‘ਚ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਹੀਆਂ ਪੰਜ ਸਖਸ਼ੀਅਤਾਂ, ਜਿੰਨ੍ਹਾਂ ਵਿੱਚ ਜਪੁਜੀ ਸਾਹਿਬ ‘ਤੇ ਪੀ.ਐਚ.ਡੀ. ਕਰਨ ਵਾਲੇ ਬੀਬੀ ਰਮਨਦੀਪ ਕੌਰ, ਪੰਜਾਬੀ ਯੁਨੀਵਰਸਿਟੀ ਪਟਿਆਲਾ, ਉੱਘੇ ਮੈਰਾਥਨ ਦੌੜਾਕ ਸਰਬਜੀਤ ਸਿੰਘ, ਸਿੱਖੀ ਅਤੇ ਪੰਜਾਬ ਮਸਲਿਆਂ ਉੱਤੇ ਲਿਖਣ ਵਾਲੇ ਗੁਰਪ੍ਰੀਤ ਸਿੰਘ ਮੰਡਿਆਣੀ, ਡਾ. ਮੁਕਤੀ ਗਿੱਲ ਪ੍ਰਿੰਸੀਪਲ ਖਾਲਸਾ ਕਾਲਜ ਲੁਧਿਆਣਾ, ਰਾਸ਼ਟਰੀ ਅਵਾਰਡ ਜੇਤੂ ਗੁਰਸਿੱਖ ਹਾਕੀ ਕੋਚ ਗੁਰਮਿੰਦਰ ਸਿੰਘ ਅਮਰਗੜ੍ਹ, ਚੰਡੀਗੜ੍ਹ, ਉੱਘੇ ਸਮਾਜ ਸੇਵੀ ਡਾ. ਐੱਸ.ਪੀ ਸਿੰਘ ਉਬਰਾਏ ਨੂੰ ਵੱਖ-ਵੱਖ ਅਵਾਰਡਾਂ ਨਾਲ ਮੁੱਖ ਮਹਿਮਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਜਰਖੜ ਸਟੇਡੀਅਮ ਬਣੇਗਾ ਸਿੱਖ ਖਿਡਾਰੀਆਂ ਦੀ ਵਿਰਾਸਤ: ਭਾਈ ਲੌਂਗੋਵਾਲ
ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ‘ ਦੇ ਫਾਇਨਲ ਸਮਾਰੋਹ ’ਤੇ ਬੋਲਦਿਆਂ ਮੁੱਖ ਮਹਿਮਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੌਮਣੀ ਗੁ. ਪ੍ਰਬੰਧਕ ਕਮੇਟੀ ਨੇ ਆਖਿਆ ਕਿ ਪੇਂਡੂ ਖੇਡਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਜਰਖੜ ਸਟੇਡੀਅਮ ਹੁਣ ਸਿੱਖ ਖਿਡਾਰੀਆਂ ਲਈ ਵਿਰਾਸਤ ਬਣੇਗਾ, ਜੋ ਕਿ ਜਰਖੜ ਸਟੇਡੀਅਮ ਵਿਖੇ ਸਿੱਖ ਸਪੋਰਟਸ ਕੌਂਸਲ ਅਤੇ ਜਰਖੜ ਅਕਾਦਮੀ ਨੇ ਪੂਰਨ ਗੁਰਸਿੱਖ ਖਿਡਾਰੀਆਂ ਦੀ ਹਾਕੀ ਲੀਗ ਕਰਵਾ ਕੇ ਜੋ ਪਹਿਲ ਕਦਮੀ ਕੀਤੀ ਹੈ, ਉਹ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਹ ਇੱਕ ਵਿਲੱਖਣ ਕਾਰਜ ਹੈ। ਜਿਸ ‘ਤੇ ਹਰ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਜਰਖੜ ਅਕਾਦਮੀ ਅਤੇ ਸਿੱਖ ਸਪੋੋਰਟਸ ਕਾਉਂਸਲ ਦੀ ਹਰ ਸੰਭਵ ਸਹਾਇਤਾ ਕਰੇਗੀ ।ਉਹਨਾਂ ਆਖਿਆ ਕਿ ਇਸ ਟੂਰਨਾਮੈਂਟ ਨੂੰ ਅਗਲੇ ਵਰ੍ਹੇ ਜਰਖੜ ਸਟੇਡੀਅਮ ਵਿਖੇ ਹੀ ਕੌਮੀ ਪੱਧਰ ‘ਤੇ ਕਰਵਾਇਆ ਜਾਵੇਗਾ ਤਾਂ ਜੋ ਵਧੇਰੇ ਹੋਰ ਨੌਜਵਾਨ ਸਿੱਖੀ ਅਤੇ ਹਾਕੀ ਖੇਡ ਪ੍ਰਤੀ ਪ੍ਰੇਰਿਤ ਹੋ ਸਕਣ। ਉਹਨਾਂ ਆਖਿਆ ਕਿ ਪੰਜਾਬ ਦੀਆਂ ਖੇਡਾਂ ਦੀ ਤਰੱਕੀ ‘ਚ ਸ਼੍ਰੋਮਣੀ ਕਮੇਟੀ ਆਪਣੀ ਉਸਾਰੂ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…