ਮੌਨਸੂਨ ਸੀਜ਼ਨ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ 5 ਲੱਖ ਪੌਦੇ ਲਗਾਏਗਾ ਜੰਗਲਾਤ ਵਿਭਾਗ

ਵਾਤਾਵਰਨ ਸੁਰੱਖਿਆ ਪਹਿਲਕਦਮੀਆਂ ਲਈ ਪਲਾਂਟੀ ਹੋਮਜ਼ ਤੇ ਐਨਜੀਓ ਪਰਿਵਰਤਨ ਦੀ ਸ਼ਲਾਘਾ

ਸੈਂਕੜੇ ਵਿਦਿਆਰਥੀਆਂ, ਸੀਆਰਪੀਐਫ਼ ਦੇ ਜਵਾਨਾਂ ਤੇ ਐਨਐਸਐਸ ਵਾਲੰਟੀਅਰਾਂ ਨੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ, ਮੁਹਾਲੀ, 20 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਜੰਗਲਾਤ ਵਿਭਾਗ ਵੱਲੋਂ ਵਿਕਸਤ ਪਾਰਕ ‘ਨਗਰ ਵਣ’ ਮੁੱਲਾਂਪੁਰ ਗਰੀਬਦਾਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਵਿਭਾਗ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਪਲਾਂਟੀ ਹੋਮਜ਼ ਅਤੇ ਐਨਜੀਓ ਪਰਿਵਰਤਨ ਦੇ ਸਹਿਯੋਗ ਨਾਲ ਵਿੱਢੀ ਗਈ ਹੈ। ਇੱਥੋਂ ਦੇ ਪੈਰਾਗਾਨ ਸਕੂਲ ਸੈਕਟਰ-69 ਅਤੇ ਵਿਦਿਆ ਵੈਲੀ, ਸੰਨੀ ਐਨਕਲੇਵ ਦੇ ਵਿਦਿਆਰਥੀਆਂ ਤੋਂ ਇਲਾਵਾ ਸੀਆਰਪੀਐਫ਼-30 ਬਟਾਲੀਅਨ ਅਤੇ ਐਨਐਸਐਸ ਵਲੰਟੀਅਰਾਂ ਦੇ ਸਹਿਯੋਗ ਨਾਲ ਪਾਰਕ ਵਿੱਚ ਕਰੀਬ 250 ਬੂਟੇ ਲਗਾਏ ਗਏ।
ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਅਜਿਹੀਆਂ ਮੁਹਿੰਮਾਂ ਸ਼ੁਰੂ ਕਰਨ ਦੀ ਸ਼ਲਾਘਾ ਕਰਦਿਆਂ ਡੀਸੀ ਆਸ਼ਿਕਾ ਜੈਨ ਨੇ ਆਮ ਲੋਕਾਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ। ਮੌਨਸੂਨ ਦੀ ਸ਼ੁਰੂਆਤ ਪੌਦੇ ਲਗਾਉਣ ਲਈ ਅਨੁਕੂਲ ਮੌਸਮ ਪ੍ਰਦਾਨ ਕਰ ਰਹੀ ਹੈ। ਹਾਲ ਹੀ ਵਿੱਚ ਅਸੀਂ ਸਾਰਿਆਂ ਨੇ ਮੌਸਮ ਵਿੱਚ ਅਸਥਿਰ ਤਬਦੀਲੀ ਦੇਖੀ ਹੈ ਕਿਉਂਕਿ ਭਾਰੀ ਬਾਰਸ਼ ਨਾਲ ਸਭ ਕੁੱਝ ਹੜ੍ਹ ਗਿਆ ਸੀ, ਇਸ ਲਈ ਸਾਨੂੰ ਵਾਤਾਵਰਨ ਦੇ ਸੰਤੁਲਨ ਨੂੰ ਸਥਿਰ ਰੱਖਣ ਲਈ ਵਾਤਾਵਰਨ ਸੁਰੱਖਿਆ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਅਸਲ ਵਿੱਚ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਇੱਕ ਦੋਸਤ ਵਾਂਗ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ।
ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜੰਗਲਾਤ ਵਿਭਾਗ ਦੀ ਮੌਨਸੂਨ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਸੀਜ਼ਨ ਦੇ ਅੰਤ ਤੱਕ ਐਨਜੀਓ ਅਤੇ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਪੰਜ ਲੱਖ ਪੌਦੇ ਲਗਾਏ ਜਾਣਗੇ। ਇਸ ਤੋਂ ਇਲਾਵਾ 40 ਏਕੜ ਵਿੱਚ ਤਿਆਰ ਕੀਤਾ ਜਾ ਰਿਹਾ ‘ਨਗਰ ਵੈਨ ਪਾਰਕ’ ਅਗਲੇ ਸਾਲ ਤੱਕ ਤਿਆਰ ਹੋ ਜਾਵੇਗਾ।
ਐਨਜੀਓ ਦੇ ਮੈਂਬਰ ਸ਼ਸ਼ੀ ਭੂਸ਼ਨ ਮਲਹੋਤਰਾ ਨੇ ਡੀਸੀ ਨੂੰ ਦੱਸਿਆ ਕਿ ਉਹ ਵਾਤਾਵਰਨ ਪੱਖੀ ਮੁਹਿੰਮ ਦੇ ਨਾਲ-ਨਾਲ ਜੋਮੈਟੋ ਦੀ ਤਰਜ਼ ’ਤੇ ਪੌਦੇ ਉਪਲਬਧ ਕਰਵਾਉਣ ਲਈ ਆਨਲਾਈਨ ਡਿਲਿਵਰੀ ਐਪ ਜਾਰੀ ਕਰਨ ਜਾ ਰਹੇ ਹਨ ਅਤੇ ਟ੍ਰਾਈਸਿਟੀ ਵਿੱਚ ਕਿਸੇ ਵੀ ਨਰਸਰੀ ਤੋਂ ਖ਼ਰੀਦੇ ਜਾਣ ਵਾਲੇ ਪੌਦਿਆਂ ਦੀ ਘਰ-ਘਰ ਡਿਲਿਵਰੀ ਕੀਤੀ ਜਾਵੇਗੀ। ਉਨ੍ਹਾਂ ਦੀ ਐਨਜੀਓ ਨੇ ਮੌਨਸੂਨ ਸੀਜ਼ਨ ਦੌਰਾਨ 5000 ਪੌਦੇ ਲਾਉਣ ਦਾ ਟੀਚਾ ਰੱਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…