Share on Facebook Share on Twitter Share on Google+ Share on Pinterest Share on Linkedin ਦੋ ਵਾਰ ਜੰਗ ਲੜ ਚੁੱਕੇ ਸਾਬਕਾ ਫੌਜੀ ਨੂੰ ਨਹੀਂ ਮਿਲੀ ਪੈਨਸ਼ਨ ਤੇ ਮੈਡੀਕਲ ਯੋਜਨਾ ਦਾ ਲਾਭ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ: ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਐਸ.ਏ.ਐਸ. ਨਗਰ (ਮੁਹਾਲੀ) ਨੇ ਮੰਗ ਕੀਤੀ ਕਿ ਸਥਾਨਕ ਫੇਜ਼-1 ਦੇ ਵਸਨੀਕ ਸਾਬਕਾ ਫੌਜੀ ਕਰਨੈਲ ਸਿੰਘ ਨੂੰ ਫੌਜ ’ਚੋਂ ਪੈਨਸ਼ਨ ਅਤੇ ਹੋਰ ਲਾਭ ਦਿੱਤੇ ਜਾਣ। ਸੰਸਥਾ ਦੇ ਪ੍ਰਧਾਨ ਲੈਫ਼ ਕਰਨਲ (ਸੇਵਾਮੁਕਤ) ਐਸ ਐਸ ਸੋਹੀ ਨੇ ਦੱਸਿਆ ਕਿ 1968 ਵਿੱਚ ਫੌਜ ਵੱਲੋਂ ਸਰਪਲੱਸ ਹੋਣ ਕਾਰਨ ਵੱਖ ਵੱਖ ਰੈਂਕਾਂ ਵਿੱਚ ਬਾਕਾਇਦਾ ਐਲਾਨ ਕਰਕੇ ਫੌਜੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ। ਇਸ ਦੌਰਾਨ ਕਰਨੈਲ ਸਿੰਘ ਦੀ ਸੇਵਾ ਵੀ ਸਮਾਪਤ ਕਰ ਦਿੱਤੀ ਗਈ ਸੀ। ਇਸ ਮੌਕੇ ਸਾਬਕਾ ਫੌਜੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ 1959 ਵਿੱਚ ਫੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਅਤੇ ਫੌਜ ਦੀ ਨੌਕਰੀ ਦੌਰਾਨ ਉਸ ਨੇ 1962 ਅਤੇ 1965 ਦੀਆਂ ਲੜਾਈਆਂ ਵੀ ਲੜੀਆਂ ਸਨ। ਉਨ੍ਹਾਂ ਦੱਸਿਆ ਕਿ 1967 ਵਿੱਚ ਆਰਮੀ ਸਰਪਲੱਸ ਹੋ ਗਈ। ਜਿਸ ਕਰਕੇ 1968 ਵਿੱਚ ਉਨ੍ਹਾਂ ਨੂੰ ਘਰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਫੌਜ ਵੱਲੋਂ ਉਸ ਨੂੰ ਹੁਣ ਤੱਕ ਨਾ ਤਾਂ ਕੋਈ ਪੈਨਸ਼ਨ ਦਿੱਤੀ ਗਈ ਅਤੇ ਨਾ ਕੋਈ ਹੋਰ ਲਾਭ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ 50 ਸਾਲਾਂ ਤੋਂ ਪੈਨਸ਼ਨ ਲੈਣ ਲਈ ਧੱਕੇ ਖਾ ਰਹੇ ਹਨ, ਇਸ ਸਮੇਂ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ ਆਗੂਆਂ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਲੜੀਆਂ ਗਈਆਂ ਦੋਵੇਂ ਲੜਾਈਆਂ ਦੀ ਪੈਨਸ਼ਨ, ਮੈਡੀਕਲ ਭੱਤੇ ਅਤੇ ਹੋਰ ਲਾਭ ਦਿੱਤੇ ਜਾਣ। ਕਰਨਲ ਸੋਹੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਸੇ ਤਰ੍ਹਾਂ ਐਮਰਜੈਂਸੀ ਕਮਿਸ਼ਨਰ ਅਫ਼ਸਰ ਅਤੇ ਸ਼ਾਰਟ ਸਰਵਿਸ ਕਮਿਸ਼ਨਰ ਅਫ਼ਸਰਾਂ ਨੂੰ ਸਰਕਾਰ ਵੱਲੋਂ ਪੰਜ ਸਾਲ ਬਾਅਦ ਜਬਰੀ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਵੀ ਫੌਜ ਦੀ ਨੌਕਰੀ ਦਾ ਕੋਈ ਲਾਭ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਫ਼ਸਰਾਂ ਵੱਲੋਂ ਪਹਿਲਾਂ ਤਾਂ ਸਰਕਾਰ ਤੱਕ ਪੈਨਸ਼ਨ ਲਈ ਚਾਰਾਜੋਈ ਕੀਤੀ ਜਾਂਦੀ ਰਹੀ ਅਤੇ ਬਾਅਦ ਵਿੱਚ ਅਦਾਲਤ ਵਿੱਚ ਸਰਕਾਰ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਕਿ ਜੇਕਰ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਤਿੰਨ ਪੀੜ੍ਹੀਆਂ ਤੱਕ ਪੈਨਸ਼ਨ ਦਿੱਤੀ ਜਾ ਸਕਦੀ ਹੈ ਤਾਂ ਫਿਰ ਦੇਸ਼ ਲਈ ਜੰਗ ਲੜਨ ਵਾਲੇ ਫੌਜੀਆਂ ਨੂੰ ਘੱਟੋ ਘੱਟ ਮੈਡੀਕਲ ਲਾਭ ਜ਼ਰੂਰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਇਨ੍ਹਾਂ ਅਫ਼ਸਰਾਂ ਦੇ ਹੱਕ ਵਿੱਚ ਫੈਸਲਾ ਦੇਣ ਤੋਂ ਬਾਅਦ ਸਰਕਾਰ ਵੱਲੋਂ ਇਸ ਫੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਜਿੱਥੇ ਬੀਤੇ ਦਿਨੀਂ ਇਨ੍ਹਾਂ ਅਫ਼ਸਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਫੌਜ ਦੀ ਕੰਟਰੀਬਿਊਟਰੀ ਮੈਡੀਕਲ ਸਕੀਮ ਦਾ ਲਾਭ ਦੇਣ ਦੇ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀ ਕਰਨੈਲ ਸਿੰਘ ਦਾ ਕੇਸ ਵੀ ਅਜਿਹਾ ਹੀ ਹੈ। ਉਸ ਨੇ 1962 ਅਤੇ 1965 ਦੀ ਜੰਗ ਵਿੱਚ ਭਾਗ ਲਿਆ ਸੀ ਅਤੇ ਦੇਸ਼ ਲਈ ਕੁਰਬਾਨੀ ਕੀਤੀ ਹੈ ਅਤੇ ਉਸ ਨੂੰ ਫੌਜ ਦੇ ਬਣਦੇ ਲਾਭ ਦਿੱਤੇ ਜਾਣੇ ਬਣਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ