ਭਾਸ਼ਾ ਵਿਭਾਗ ਪੰਜਾਬ ਦਾ ਚਾਰ ਰੋਜ਼ਾ ਪੁਸਤਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਪੁਸਤਕ ਪ੍ਰਦਰਸ਼ਨੀ, ਸਾਹਿਤਕ ਗੋਸ਼ਟੀਆਂ ਤੇ ਚਰਚਾ ਨਾਲ ਯਾਦਗਾਰੀ ਹੋ ਨਿੱਬੜਿਆ ਪੁਸਤਕ ਮੇਲਾ

ਨਬਜ਼-ਏ-ਪੰਜਾਬ, ਮੁਹਾਲੀ, 23 ਨਵੰਬਰ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਹਿਲਕਦਮੀ ’ਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਵਿਖੇ ਲਾਇਆ ਗਿਆ ਪੰਜਾਬੀ ਮਾਹ ਨੂੰ ਸਮਰਪਿਤ ਚਾਰ ਦਿਨਾਂ ਪੁਸਤਕ ਮੇਲਾ ਵੀਰਵਾਰ ਬਾਅਦ ਦੁਪਹਿਰ ਮਿੱਠੀਆਂ ਯਾਦਾਂ ਛੱਡਦਾ ਸੰਪੂਰਨ ਹੋ ਗਿਆ। ਮੁਹਾਲੀ ਅਤੇ ਚੰਡੀਗੜ੍ਹ ਵਿੱਚ ਪਹਿਲੀ ਵਾਰ ਐਨੇ ਵੱਡੇ ਪੱਧਰ ’ਤੇ ਲਾਈ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਇਹ ਪੁਸਤਕ ਮੇਲਾ ਸਾਹਿਤਿਕ ਗੋਸ਼ਟੀਆਂ, ਸਾਰਥਕ ਵਿਚਾਰਾਂ ਅਤੇ ਸਭਿਆਚਾਰਕ ਵੰਨਗੀਆਂ ਨੂੰ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਨ ਦਾ ਅਹਿਮ ਜ਼ਰੀਆ ਵੀ ਹੋ ਨਿੱਬੜਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਦਵਿੰਦਰ ਸਿੰਘ ਬੋਹਾ, ਜਿਨ੍ਹਾਂ ਇਸ ਚਾਰ ਦਿਨਾਂ ਪੁਸਤਕ ਮੇਲੇ ਨੂੰ ਭਾਸ਼ਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਪਗ 30 ਪੁਸਤਕ ਵਿਕਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪੰਜਾਬੀ ਅੱਖਰਕਾਰਾਂ ਸਰਬੱਤ ਅੱਖਰਕਾਰੀ, ਪੰਜਾਬੀ ਕਲਮਕਾਰੀ ਅਤੇ ਸਾਹਿਬੁ ਆਰਟ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਸੀ। ਇਸ ਪੁਸਤਕ ਮੇਲੇ ਦੀ ਪ੍ਰਾਪਤੀ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਅੱਠ ਸੈਸ਼ਨਾਂ ਵਿੱਚ ਵੰਡ ਕੇ ਕੀਤੀਆਂ ਗੋਸ਼ਟੀਆਂ ਸਨ, ਜਿਨ੍ਹਾਂ ਨੂੰ ਵੱਖ-ਵੱਖ ਵਿਦਵਾਨਾਂ, ਚਿੰਤਕਾਂ, ਸਾਹਿਤਕਾਰਾਂ, ਪਾਠਕਾਂ ਆਦਿ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸਾਰਥਕ ਵਿਚਾਰ ਚਰਚਾ ਹੋਈ।
ਮੇਲੇ ਦੇ ਅਖੀਰਲੇ ਦਿਨ ਦੇ ਦੋਵੇਂ ਸੈਸ਼ਨ ਬਹੁਤ ਅਹਿਮ ਸਨ। ਪਹਿਲੇ ਸੈਸ਼ਨ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਬਜ਼ੁਰਗ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਰੀਬ 20 ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸ਼ਮੂਲੀਅਤ ਕੀਤੀ ਗਈ। ਸੈਸ਼ਨ ਪ੍ਰਧਾਨਗੀ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਅਤੇ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਨੇ ਸ਼ਿਰਕਤ ਕੀਤੀੇ ਕਵਿਤਾ ਪਾਠ ਲਈ ਜ਼ਿਲ੍ਹੇ ਦੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਨੇ ਸ਼ਮੂਲੀਅਤ ਕੀਤੀ। ਸੈਸ਼ਨ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਨੂੰ ਜੀ ਆਇਆ ਨੂੰ ਆਖਿਆ ਅਤੇ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ ਸਫ਼ਲ ਪੁਸਤਕ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਅਤੇ ‘ਮੇਰੀ ਮਾਤ ਬੋਲੀ’ ਕਵਿਤਾ ਸੁਣਾਈ ਗਈ। ਸ਼ਾਇਰਾ ਮਨਜੀਤ ਇੰਦਰਾ ਵੱਲੋਂ ਮੁਹਾਲੀ ਵਿੱਚ ਪਹਿਲੀ ਵਾਰ ਪੁਸਤਕ ਮੇਲੇ ਵਰਗੇ ਕਾਮਯਾਬ ਯਤਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਸ਼ਲਾਘਾ ਕੀਤੀ ਗਈ ਅਤੇ ‘ਦੀਵਾ ਜਗਾ ਕੇ ਰੱਖਾਂਗੇ ਕਿੱਥੇ’ ਨਜ਼ਮ ਤਰੰਨੁਮ ਵਿਚ ਗਾ ਕੇ ਮਾਹੌਲ ਖੁਸ਼ਨੁਮਾ ਬਣਾਦਿੱਤਾ। ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਵੀ ਆਪਣੇ ਸ਼ੇਅਰ ਸ੍ਰੋਤਿਆਂ ਨਾਲ ਸਾਂਝੇ ਕਰਦਿਆਂ ਪੁਸਤਕ ਮੇਲੇ ਵਰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੁਰਿੰਦਰ ਗਿੱਲ ਵੱਲੋਂ ‘ਧੀ ਧਿਆਣੀ ਨੂੰ’, ਸੁਰਜੀਤ ਬੈਂਸ ਵੱਲੋਂ ‘ਪਾਣੀਆਂ ਦਾ ਵਹਿਣ ਹਾਂ’, ਗੁਰਨਾਮ ਕੰਵਰ ਵੱਲੋਂ ‘ਮੇਰੀ ਕਵਿਤਾ ਗੁੰਮ ਹੈ’, ਬਲਕਾਰ ਸਿੰਘ ਸਿੱਧੂ ਵੱਲੋਂ ‘ਉਡੀਕ’, ਮਨਜੀਤ ਮੀਤ ਵੱਲੋਂ ‘ਫੌਜੀ ਅਤੇ ਫੌਜਣ’, ਪਰਮਜੀਤ ਪਰਮ ਵੱਲੋਂ ‘ਇਮਤਿਹਾਨ’, ਰਾਜਿੰਦਰ ਕੌਰ ਵੱਲੋਂ ‘ਸਾਰੇ ਪਿਤਾਮਾ’, ‘ਉਸ ਰਾਤ’ ਅਤੇ ‘ਫੇਰ ਕਦੇ’, ਮਨਜੀਤ ਪਾਲ ਸਿੰਘ ਵੱਲੋਂ ‘ਹੋਇਐ ਕਿਸ ਦੇ ਹੱਥੋਂ’, ਗੁਰਚਰਨ ਸਿੰਘ ਵੱਲੋਂ ‘ਦੋਸਤੀਆਂ ਦਰਿਆਵਾਂ ਨਾਲ’, ਭਗਤ ਰਾਮ ਰੰਗਾੜਾ ਵੱਲੋਂ ‘ਪੰਜਾਬ ਦੇ ਦਰਿਆ’, ਗੁਰਦਰਸ਼ਨ ਸਿੰਘ ਮਾਵੀ ਵੱਲੋਂ ‘ਬੁਢਾਪਾ’, ਰਾਜਵਿੰਦਰ ਸਿੰਘ ਗੱਡੂ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਅਤੇ ‘ਆਪਣਾ ਅਤੇ ਪਰਾਇਆ’, ਅਵਤਾਰ ਪਤੰਗ ਵੱਲੋਂ ‘ਮੈਂ ਜੋ ਹਾਂ’, ਪਾਲ ਅਜਨਬੀ ਵੱਲੋਂ ‘ਨਵਾਂ ਆਲ੍ਹਣਾ’ ਅਤੇ ‘ਸ਼ਾਇਦ ਮੈਂ ਜ਼ਿੰਦਾ ਨਹੀਂ ਹਾਂ’, ਕੇਵਲਜੀਤ ਕੰਵਲ ਵੱਲੋਂ ਸੜਕਾਂ ’ਤੇ, ਬਲਜੀਤ ਕੌਰ ਮੁਹਾਲੀ ਨੇ ‘ਮੈਂ ਅੌਰਤ ਹਾਂ’, ਅਤੇ ਦਰਸ਼ਨ ਸਿੰਘ ਬਨੂੜ ਨੇ ‘ਬੱਚਿਆਂ ਨੂੰ ਰੱਖੂ ਕੌਣ ਵਿਰਸੇ ਨਾਲ ਜੋੜ ਕੇ’ ਆਦਿ ਕਵਿਤਾਵਾਂ ਦਾ ਪਾਠ ਕੀਤਾ।

ਬਲਵਿੰਦਰ ਢਿੱਲੋਂ ਵੱਲੋਂ ‘ਹੀਰ’ ਅਤੇ ਬਾਬੂ ਰਜਬ ਅਲੀ ਦੀ ਛੰਦਬੰਦੀ, ਭੁਪਿੰਦਰ ਮਟੌਰੀਆ ਵੱਲੋਂ ਪੁਆਧੀ ਗੀਤ, ਮੋਹਨ ਸਿੰਘ ਪ੍ਰੀਤ ਵੱਲੋਂ ‘ਆਜਾ ਜਿੰਦੂਆ‘ ਗੀਤ, ਧਿਆਨ ਸਿੰਘ ਕਾਹਲੋਂ ਵੱਲੋਂ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ। ਕਵੀ ਦਰਬਾਰ ਉਪਰੰਤ ਪੁਸਤਕ ਮੇਲੇ ਦੇ ਅਖੀਰਲੇ ਸੈਸ਼ਨ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਦੀਆਂ ਸਟੈਨੋਗ੍ਰਾਫੀ ਸਿੱਖਿਆਰਥਣਾਂ ਵੱਲੋਂ ਗਿੱਧਾ, ਝੂੰਮਰ, ਭੰਗੜਾ ਆਦਿ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਮੇਲਾ ਅਮਿੱਟ ਪੈੜਾਂ ਪਾ ਗਿਆ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਇਸ ਰਾਜ ਪੱਧਰੀ ਚਾਰ ਰੋਜਾ ਪੁਸਤਕ ਮੇਲੇ ਨੂੰ ਯਾਦਗਾਰ ਬਣਾ ਦਿੱਤਾ। ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਪ੍ਰਧਾਨਗੀ ਮੰਡਲ, ਕਵੀ ਸਾਹਿਬਾਨਾਂ ਅਤੇ ਸਿੱਖਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਅਤੇ ਬਲਕਾਰ ਸਿੰਘ ਸਿੱਧੂ ਨੇ ਕੀਤਾ। ਜ਼ਿਕਰਯੋਗ ਹੈ ਕਿ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਇਸ ਪੁਸਤਕ ਮੇਲੇ ਦੇ ਸਫ਼ਲ ਪ੍ਰਬੰਧਾਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਕਿਹਾ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …