ਸ਼ਹੀਦ ਲਾਸ ਨਾਇਕ ਗੁਰਮੇਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ

ਮਜੀਠੀਆ ਨੇ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਸਹਾਇਤਾ ਰਾਸ਼ੀ, ਸਰਕਾਰੀ ਨੌਕਰੀ ਅਤੇ ਯਾਦਗਾਰ ਬਣਾਉਣ ਦੀ ਕੀਤੀ ਮੰਗ।

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਕਥੂਨੰਗਲ , ਅੰਮ੍ਰਿਤਸਰ, 25 ਦਸੰਬਰ:
ਬੀਤੇ ਦਿਨੀ ਜੰਮੂ ਐਡ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ ਲਾਕੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀ ਜਵਾਨ ਲਾਸ ਨਾਇਕ ਗੁਰਮੇਲ ਸਿੰਘ ਦਾ ਉਸਦੇ ਜ਼ੱਦੀ ਪਿੰਡ ਅਲਕੜੇ (ਨੇੜੇ ਕੱਥੂਨੰਗਲ) ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਨਾ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ। ਉਹਨਾਂ ਕਿਹਾ ਕਿ ਲਾਸ ਨਾਇਕ ਗੁਰਮੇਲ ਸਿੰਘ ਨੇ ਦੇਸ਼ ਅਤੇ ਸਾਡੇ ਲਈ ਵਡੀ ਸ਼ਹਾਦਤ ਦਿਤੀ ਹੈ। ਉਹਨਾਂ ਕਾਂਗਰਸ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਲਈ ਕੀਤੇ ਗਏ 12 ਲਖ ਰੁਪੈ ਸਹਾਇਤਾ ਰਾਸ਼ੀ ਨੂੰ ਨਿਗੁਣਾ ਦਸਦਿਆਂ ਸ਼ਹੀਦ ਪਰਿਵਾਰ ਨੂੰ ਇਕ ਕਰੋੜ ਰੁਪੈ ਸਹਾਇਤਾ ਰਾਸ਼ੀ ਦੇਣ, ਪਰਿਵਾਰਕ ਮੈਬਰ ਨੂੰ ਤਹਿਸੀਲਦਾਰ ਭਾਰਤੀ ਕਰਨ ਅਤੇ ਸ਼ਹੀਦ ਦੀ ਯਾਦ ‘ਚ ਪਿੰਡ ਵਿਖੇ ਯਾਦਗਾਰ ਵਜੋਂ ਸਟੇਡੀਅਮ ਦਾ ਨਿਰਮਾਣ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਨੂੰ ਸਿਆਸਤ ਤੋਂ ਪ੍ਰੇਰਿਤ ਨਾ ਸਮਝਿਆ ਜਾਵੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ,ਜਿਲ੍ਹਾ ਪੁਲਿਸ ਮੁਖੀ ਪਰਮਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਕੁਮਾਰ ਨੇ ਸ਼ਹੀਦ ਦੀ ਦੇਹ ‘ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਫੌਜ ਦੇ ਜਵਾਨਾਂ ਨੇ ਵੀ ਸ਼ਹੀਦ ਦੀ ਦੇਹ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਦੇਹ ਫੌਜ ਵੱਲੋਂ ਹਵਾਈ ਜਹਾਜ਼ ਰਾਹੀਂ ਰਾਜਾਸਾਂਸੀ ਹਵਾਈ ਅੱਡੇ ਵਿਖੇ ਸ੍ਰੀਨਗਰ ਤੋਂ ਲਿਆਂਦੀ ਗਈ, ਜਿਥੋਂ ਕਾਫਲੇ ਦੇ ਰੂਪ ਵਿਚ ਪਰਿਵਾਰਕ ਮੈਂਬਰ, ਪ੍ਰਸ਼ਾਸਨ ਦੇ ਅਧਿਕਾਰੀ, ਰਿਸ਼ਤੇਦਾਰ ਅਤੇ ਪਿੰਡ ਵਾਸੀ ਦੇਹ ਨੂੰ ਸਨਮਾਨ ਨਾਲ ਪਿੰਡ ਲੈ ਕੇ ਗਏ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਹੀਦ ਦਾ ਇੰੰਤਜ਼ਾਰ ਕਰ ਰਹੇ ਸਨ। ਸ਼ਹਾਦਤ ਦੇ ਸਤਿਕਾਰ ਵਜੋਂ ਪੂਰੇ ਇਲਾਕੇ ਦੇ ਲੋਕ ਸ਼ਹੀਦ ਦੇ ਘਰ ਹਾਜ਼ਰ ਹੋਏ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਵੀ ਸ਼ਹੀਦ ਨੂੰ ਸ਼ਰਧਾ ਭੇਟ ਕਰਨ ਲਈ ਪੁੱਜੇ। ਸ਼ਹੀਦ ਦੀ ਚਿਤਾ ਨੂੰ ਅਗਨੀ ਉਸਦੇ ਪਿਤਾ ਨੇ ਵਿਖਾਈ। ਦੱਸਣਯੋਗ ਹੈ ਕਿ 34 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲਾ ਗੁਰਮੇਲ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਵੱਡਾ ਸਹਾਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਕੁਲਜੀਤ ਕੌਰ, 8 ਸਾਲ ਦੀ ਧੀ ਵਿਪਨਦੀਪ ਕੌਰ, ਪਿਤਾ ਤਰਸੇਮ ਸਿੰਘ, ਮਾਤਾ ਗੁਰਮੀਤ ਕੌਰ, ਛੋਟਾ ਭਰਾ ਹਰਪ੍ਰੀਤ ਸਿੰਘ ਅਤੇ ਭੈਣ ਦਲਜੀਤ ਕੌਰ ਛੱਡ ਗਿਆ। ਪਿੰਡ ਵਾਸੀ ਜਿੱਥੇ ਗੁਰਮੇਲ ਸਿੰਘ ਦੀ ਸ਼ਹੀਦੀ ‘ਤੇ ਮਾਣ ਮਹਿਸੂਸ ਕਰ ਰਹੇ ਸਨ, ਉਥੇ ਉਸਦੇ ਇਸ ਸੰਸਾਰ ਤੋਂ ਤੁਰ ਜਾਣ ‘ਤੇ ਡਾਢੇ ਦੁੱਖੀ ਵੀ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਸ਼ਹੀਦੀ ਦੀ ਖ਼ਬਰ ਪਿੰਡ ਵਾਸੀਆਂ ਨੂੰ ਮਿਲ ਗਈ ਸੀ ਅਤੇ ਉਸ ਵੇਲੇ ਤੋਂ ਹੀ ਪਿੰਡ ਵਾਸੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚ ਗਏ ਸਨ। ਡਿਪਟੀ ਕਮਿਸ਼ਨਰ ਸ. ਸੰਘਾ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…