
ਲਗਜ਼ਰੀ ਕਾਰਾਂ ਖੋਹਣ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਆਈਟੀ ਸਿਟੀ ਅਤੇ ਆਸਪਾਸ ਇਲਾਕਿਆਂ ਵਿੱਚ ਕਾਰਾਂ ਖੋਹਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਲੁਟੇਰਿਆਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਹਾਂਡਾ ਸੀਵਿਕਾ ਕਾਰ ਸਮੇਤ ਲੋਕਾਂ ਤੋਂ ਖੋਹੀਆਂ ਤਿੰਨ ਹੋਰ ਕਾਰਾਂ ਵਰਨਾ, ਸੀਆਜ ਅਤੇ ਗਲਾਜ਼ਾ ਕਾਰ ਵੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਦੌਰਾਨ ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋਹ ਸਰਗਰਮ ਸੀ, ਇਸ ਗਰੋਹ ਦੀ ਪੈੜ ਨੱਪਣ ਲਈ ਮੁਹਾਲੀ ਦੇ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲੀਸ ਨੇ ਤਿੰਨ ਮੈਂਬਰਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਗਲਾਜ਼ਾ ਕਾਰ ਖੋਹਣ ਸਬੰਧੀ ਬੀਤੀ 24 ਨਵੰਬਰ ਨੂੰ ਸੋਹਾਣਾ ਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇੰਜ ਹੀ 25 ਨਵੰਬਰ ਨੂੰ ਫੇਜ਼-11 ਵਿੱਚ (ਵਰਨਾ ਕਾਰ) ਅਤੇ ਬੀਤੀ 18 ਦਸੰਬਰ ਨੂੰ (ਸੀਆਜ਼ ਕਾਰ) ਖੋਹਣ ਬਾਰੇ ਮਟੌਰ ਥਾਣੇ ਵਿੱਚ ਵੱਖੋ-ਵੱਖ ਕੇਸ ਦਰਜ ਕੀਤੇ ਗਏ ਸਨ। ਜ਼ਿਲ੍ਹਾ ਸੀਆਈਏ ਸਟਾਫ਼ ਨੇ ਉਕਤ ਵਾਰਦਾਤਾਂ ਨੂੰ ਟਰੇਸ ਕਰਦਿਆਂ ਮੁਲਜ਼ਮ ਵਰਿਆਮ ਸਿੰਘ ਵਾਸੀ ਪਿੰਡ ਖਿੜਿਆਵਾਲੀ (ਫਾਜ਼ਿਲਕਾ) ਨੂੰ ਇੱਕ .32 ਬੋਰ ਦੇ ਪਿਸਤੌਲ ਅਤੇ ਵਾਰਦਾਤ ਵਿੱਚ ਵਰਤੀ ਗਈ ਹਾਂਡਾ ਸੀਵਿਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਉਸ ਦੇ ਦੋ ਹੋਰ ਸਾਥੀਆਂ ਸੁਖਪਾਲ ਸਿੰਘ ਉਰਫ਼ ਪਾਲੂ ਅਤੇ ਦੋਵੇਂ ਵਾਸੀ ਪਿੰਡ ਅਰਨੀਵਾਲਾ (ਫਾਜ਼ਿਲਕਾ) ਨੂੰ 2 ਪਿਸਤੌਲਾਂ ਸਮੇਤ ਸ਼ਹਿਰ ’ਚੋਂ ਖੋਹ ਕੀਤੀ ਵਰਨਾ ਅਤੇ ਸੀਆਜ਼ ਕਾਰਾਂ ਸਮੇਤ ਕਾਬੂ ਕੀਤਾ ਗਿਆ। ਇਸ ਮਾਮਲੇ ਵਿੱਚ ਨਾਮਜ਼ਦ ਇੱਕ ਹੋਰ ਮੁਲਜ਼ਮ ਅਰਵਿੰਦ ਜਲਾਲਾਬਾਦ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।