ਜਾਅਲੀ ਪਾਸਪੋਰਟ ਤੇ ਵੀਜ਼ਾ ’ਤੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਵਾਲੇ ਗਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਸਰਹੱਦ ’ਤੇ ਤਸਕਰੀ ਅਤੇ ਅਤਿਵਾਦੀਆਂ ਨੂੰ ਸਾਮਾਨ ਮੁਹੱਈਆ ਕਰਵਾਉਣ ਵਿੱਚ ਵੀ ਸ਼ਾਮਲ ਸਨ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਅਤੇ ਜਾਅਲੀ ਵੀਜ਼ਾ ਰਾਹੀਂ ਵਿਦੇਸ਼ ਭੇਜਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਲਈ ਪਾਸਪੋਰਟ ਅਤੇ ਵੀਜ਼ਾ ਪ੍ਰਕਿਰਿਆਵਾਂ ਲਈ ਜਾਅਲੀ ਦਸਤਾਵੇਜ਼ ਤਿਆਰ ਕਰਕੇ ਮੁਲਜ਼ਮਾਂ ਨੂੰ ਵਿਦੇਸ਼ ਭੱਜਣ ਵਿੱਚ ਮਦਦ ਕੀਤੀ ਜਾਂਦੀ ਸੀ। ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ਼ ਪੀਟਾ ਉਰਫ਼ ਪਿਸਤੌਲ ਵਾਸੀ ਪਿੰਡ ਭਗਤਾਣਾ ਬੋੜਾਵਾਲਾ (ਗੁਰਦਾਸਪੁਰ) ਅਤੇ ਮੋਹਿਤ ਉਰਫ਼ ਰਿੱਕੀ ਵਾਸੀ ਪਿੰਡ ਜੱਟੂਵਾਲ (ਗੁਰਦਾਸਪੁਰ) ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੇ ਮੁਹਾਲੀ ਸਥਿਤ ਥਾਣੇ ਵਿੱਚ ਧਾਰਾ 467, 468, 471, 120-ਬੀ, ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀ ਧਾਰਾ 12 ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸਟੇਟ ਅਪਰੇਸ਼ਨ ਸੈਲ ਵੱਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਅਤੇ ਟਰੈਵਲ ਏਜੰਟਾਂ ਵਿਚਾਲੇ ਗੱਠਜੋੜ ਨੂੰ ਖ਼ਤਮ ਕਰਨ ਲਈ ਚਲਾਏ ਜਾ ਰਹੇ ਵਿਸ਼ੇਸ਼ ਅਪਰੇਸ਼ਨ ਦੌਰਾਨ ਡੀਐਸਪੀ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਗਿਆ। ਇਹ ਵਿਅਕਤੀ ਅਪਰਾਧੀ ਗਰੋਹਾਂ ਦੇ ਮੈਂਬਰਾਂ ਨੂੰ ਵਿਦੇਸ਼ ਭਜਾ ਕੇ ਕਾਨੂੰਨ ਦੀ ਪਕੜ ਤੋਂ ਬਚਾਉਣ ਲਈ ਮਦਦ ਕਰਦੇ ਸਨ।
ਪੁਲੀਸ ਵੱਲੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਨਾਲ-ਨਾਲ ਪਹਿਲਾਂ ਵਿਦੇਸ਼ ਫ਼ਰਾਰ ਹੋ ਚੁੱਕੇ ਅਤੇ ਫ਼ਰਾਰ ਹੋਣ ਦੀ ਤਿਆਰੀ ਕਰ ਰਹੇ ਵਿਅਕਤੀਆਂ ਗੁਰਜੰਟ ਸਿੰਘ ਉਰਫ਼ ਭੋਲੂ ਵਾਸੀ ਪਿੰਡ ਹਵੇਲੀਆਂ (ਤਰਨਤਾਰਨ), ਰਸ਼ਪਾਲ ਸਿੰਘ ਉਰਫ਼ ਦਾਨਾ ਵਾਸੀ ਪਿੰਡ ਬੁਚਰ-ਖੁਰਦ (ਤਰਨਤਾਰਨ), ਜਸਵਿੰਦਰ ਸਿੰਘ ਉਰਫ਼ ਖਾਟੂ ਵਾਸੀ ਪਿੰਡ ਮੰਗਲੀ ਖਾਸ (ਲੁਧਿਆਣਾ), ਲਵਪ੍ਰੀਤ ਸਿੰਘ ਉਰਫ਼ ਨਵੀ ਭਲਵਾਨ ਵਾਸੀ ਪਿੰਡ ਸੈਣਪੁਰ (ਗੁਰਦਾਸਪੁਰ), ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਬੀਰੋਵਾਲ (ਨਵਾਂ ਸ਼ਹਿਰ), ਸੁਖਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਪਿੰਡ ਰਿਖੀਆਂ (ਗੁਰਦਾਸਪੁਰ) ਨੂੰ ਵੀ ਉਪਰੋਕਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਏਆਈਜੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਲਕੀਤ ਸਿੰਘ ਅਤੇ ਮੋਹਿਤ ਰਿੱਕੀ ਆਪਣੇ ਗਰੋਹ ਦੇ ਗੈਂਗ ਲੀਡਰਾਂ ਤਰਨਜੋਤ ਸਿੰਘ ਤੰਨਾ ਅਤੇ ਗੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦਿੰਦੇ ਸਨ। ਇਸ ਗਰੋਹ ਦੇ ਮੈਂਬਰ ਕਰਾਸ ਬਾਰਡਰ ਸਮਗਲਿੰਗ ਅਤੇ ਅਤਿਵਾਦੀਆਂ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਵਿੱਚ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਨੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਪਿਸਤੌਲ ਅਤੇ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਸ ਗਰੋਹ ਦੇ ਇੱਕ ਮੈਂਬਰ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…