ਆਮ ਲੋਕਾਂ ਵੱਲੋਂ ਅਕਾਲੀ ਦਲ ਦੀ ਡਰਾਮੇਬਾਜ਼ੀ ਦਾ ਵਿਰੋਧ ਸ਼ੁੱਭ ਸੰਕੇਤ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਕਾਲੀ ਦਲ ਬਾਦਲ ਵੱਲੋਂ ਸੜਕਾਂ ‘ਤੇ ਲਾਏ ਧਰਨਿਆਂ ਦਾ ਆਮ ਲੋਕਾਂ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਸ਼ੁੱਭ ਸੰਕੇਤ ਕਿਹਾ ਹੈ। ‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ‘ਫਿਕਸ ਮੈਚ’ ਖੇਡ ਰਹੇ ਹਨ, ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਸਮਝਦੇ ਹਨ। ਇਸ ਲਈ ਸਰਕਾਰੀ ਧੱਕੇਸ਼ਾਹੀ ਦੇ ਨਾਂ ‘ਤੇ ਬਾਦਲਾਂ ਦੀ ਫੋਕੀ ਬੂ-ਦੁਹਾਈ ਨੂੰ ਪੰਜਾਬ ਦੇ ਲੋਕ ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ ਮੰਨਦੇ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਵੱਲੋਂ ਸੜਕਾਂ ਅਤੇ ਪੁਲਾਂ ‘ਤੇ ਧਰਨੇ ਲਗਾ ਕੇ ਜਦ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਟਰੱਕ ਡਰਾਈਵਰਾਂ, ਆਮ ਲੋਕਾਂ ਇੱਥੋਂ ਤੱਕ ਕਿ ਹਰੀਕੇ ਪਤਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕਰਨ ਆਏ ਪਰਿਵਾਰਕ ਮੈਂਬਰਾਂ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਰੋਸ ਅਤੇ ਨਾਅਰੇਬਾਜ਼ੀ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਤੋਂ ਨਾ ਕੇਵਲ ਵਾਕਿਫ ਹਨ ਬਲਕਿ ਦੁਖੀ ਵੀ ਹਨ।
ਭਗਵੰਤ ਮਾਨ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ‘ਚ ਸਭ ਤੋਂ ਵੱਧ ਧੱਕੇਸ਼ਾਹੀ ਆਮ ਆਦਮੀ ਪਾਰਟੀ ਨਾਲ ਹੋਈ ਹੈ ਜਿਸ ਦਾ ਪਾਰਟੀ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਮੁੱਖ ਰਾਜ ਚੋਣ ਕਮਿਸ਼ਨਰ ਕੋਲ ਜ਼ੋਰਦਾਰ ਵਿਰੁੱਧ ਦਰਜ ਕਰਾਇਆ ਗਿਆ ਪਰ ਆਮ ਰਾਹਗੀਰਾਂ ਅਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ।
ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੁੱਝ ਪੁਲਸ ਅਫ਼ਸਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਕੀਤੀਆਂ ਗਈਆਂ ਨਿੱਜੀ ਟਿੱਪਣੀਆਂ ਅਤੇ ਧਮਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ‘ਚ ਪੁਲਸ ਦਾ ਮੁਕੰਮਲ ਰਾਜਨੀਤੀਕਰਨ ਵਾਲੇ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਆਪਣੇ ਪਾਪ ਅਤੇ ਵਧੀਕੀਆਂ ਉੱਪਰ ਪਰਦਾ ਨਹੀਂ ਪਾ ਸਕਦੇ। ਮਾਨ ਨੇ ਕਿਹਾ ਕਿ ਬਾਦਲਾਂ ਨੇ ਜੋ ਬੀਜਿਆ ਸੀ ਉਹ ਹੀ ਵੱਢਣਾ ਪੈ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਆਮ ਲੋਕਾਂ ਦੀ ਨਜ਼ਰ ‘ਚ ਬਾਦਲ ਅੱਜ ਧਰਨੇ ਦੇਣ ਦੇ ਕਾਬਲ ਵੀ ਨਹੀਂ ਰਹੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…