ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਮੁੱਖ ਮੰਤਰੀ ਨੇ ਨਿਭਾਈ ਗੋਲਕੀਪਰ ਦੀ ਭੂਮਿਕਾ; ਪਰਗਟ ਸਿੰਘ ਬਣੇ ਹਿਟਰ

ਖੇਡ ਭਾਵਨਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 31 ਅਕਤੂਬਰ:
ਇੱਥੇ ਕਟੌਚ ਸਟੇਡੀਅਮ ਵਿਖੇ ਉਸ ਵੇਲੇ ਸ਼ਾਨਦਾਰ ਖੇਡ ਭਾਵਨਾ ਵੇਖਣ ਨੂੰ ਮਿਲੀ ਜਦੋਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਮੁੱਖ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਖੁਦ ਗੋਲਕੀਪਰ ਦੀ ਭੂਮਿਕਾ ਨਿਭਾਈ।
ਫਾਈਨਲ ਮੈਚ ਦੌਰਾਨ ਮੁੱਖ ਮੰਤਰੀ, ਜੋ ਖੁਦ ਯੂਨੀਵਰਸਿਟੀ ਪੱਧਰ `ਤੇ ਹੈਂਡਬਾਲ ਖੇਡ ਚੁੱਕੇ ਹਨ, ਨੂੰ ਮੰਚ ਸੰਚਾਲਕ ਵੱਲੋਂ ਹਾਕੀ ਵਿੱਚ ਵੀ ਹੱਥ ਅਜ਼ਮਾਉਣ ਦੀ ਅਪੀਲ ਕੀਤੀ ਗਈ। ਮੁੱਖ ਮੰਤਰੀ ਨੇ ਵੀ ਉਨ੍ਹਾਂ ਦੀ ਅਪੀਲ ਦਾ ਹੁੰਗਾਰਾ ਭਰਦਿਆਂ ਦੇਰ ਨਾ ਕੀਤੀ ਅਤੇ ਗੋਲ ਰੋਕਣ ਲਈ ਗੋਲਕੀਪਰ ਦੀ ਵਰਦੀ ਪਾ ਮੈਦਾਨ ਵਿੱਚ ਜਾ ਡਟੇ। ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਵੀ ਆਪਣੇ ਆਗੂ ਨਾਲ ਖੇਡ ਕਲਾ ਦਿਖਾਉਣ ਲਈ ਸਟਿੱਕ ਹੱਥ ਵਿਚ ਫੜ ਲਈ।
ਜਦੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮੈਦਾਨ ਵਿੱਚ ਨਿੱਤਰੇ ਅਤੇ ਹਾਕੀ ਦੇ ਅਖਾੜੇ ਵਿੱਚ ਸ਼ਾਨਦਾਰ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਤਾਂ ਪੂਰੇ ਸਟੇਡੀਅਮ ਨੇ ਤਾੜੀਆਂ ਮਾਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਗੋਲਕੀਪਰ ਵਜੋਂ ਮੁੱਖ ਮੰਤਰੀ ਚੰਨੀ ਨੇ ਪਰਗਟ ਸਿੰਘ ਦੁਆਰਾ ਮਾਰੀਆਂ ਕੁੱਲ ਪੰਜ ਹਿੱਟਾਂ ਵਿੱਚੋਂ ਤਿੰਨ ਦਾ ਸ਼ਾਨਦਾਰ ਬਚਾਅ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ ਓਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਓਲੰਪੀਅਨਾਂ ਦੁਆਰਾ ਮਾਰੀਆਂ ਹਿੱਟਾਂ ਨੂੰ ਰੋਕ ਕੇ ਵੀ ਗੋਲ ਹੋਣ ਤੋਂ ਬਚਾਅ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਖ਼ਾਸ ਦਿਨ ਹੈ ਕਿਉਂਕਿ ਉਨ੍ਹਾਂ ਦੀ ਖੇਡ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹਨ ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਵੱਲ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਪੰਜਾਬ ਦੇ ਖਿਡਾਰੀ ਖੇਡਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਉਣ। ਇਸ ਦੌਰਾਨ ਮੁੱਖ ਮੰਤਰੀ ਨੇ ਖੇਡ ਮੈਦਾਨ ਵਿੱਚ ਬੱਚਿਆਂ ਨਾਲ ਵੀ ਖਾਸ ਪਲ ਬਿਤਾਏ ਅਤੇ ਕਿਹਾ ਕਿ ਇਹਨਾਂ ਦੇ ਖਿੜੇ ਹੋਏ ਚਿਹਰੇ ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…