ਦਲਿਤ ਵਰਗ ਦੇ ਡੀਪੀਈ ਕੈਟਾਗਰੀ ਦੇ ਯੋਗ ਉਮੀਦਵਾਰਾਂ ਦੀ ਵੀ ਬਾਂਹ ਫੜੇ ਸਰਕਾਰ

ਪੁਲੀਸ ਨੇ ਕੱਚੇ ਅਧਿਆਪਕਾਂ ਦੇ ਧਰਨੇ ਕਾਰਨ ਡੀਪੀਈ ਉਮੀਦਵਾਰਾਂ ਨੂੰ ਗੇਟ ਅੰਦਰ ਜਾਣ ਤੋਂ ਰੋਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਦਲਿਤ ਵਰਗ ਨਾਲ ਸਬੰਧਤ ਡੀਪੀਈ ਦੇ ਯੋਗ ਉਮੀਦਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵੀ ਪੁਕਾਰ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਨੌਕਰੀ ਪ੍ਰਦਾਨ ਕਰਕੇ ਬੇਰੁਜ਼ਗਾਰੀ ਦੀ ਭੱਠੀ ਵਿੱਚ ਤਪਣ ਤੋਂ ਬਚਾਇਆ ਜਾਵੇ। ਕੱਚੇ ਅਧਿਆਪਕਾਂ ਦੇ ਲੜੀਵਾਰ ਧਰਨੇ ਦੇ ਚੱਲਦਿਆਂ ਡੀਪੀਈ ਰਿਜ਼ਰਵ ਕੈਟਾਗਰੀ ਦੇ ਯੋਗ ਉਮੀਦਵਾਰਾਂ ਨੂੰ ਪੁਲੀਸ ਨੇ ਸਿੱਖਿਆ ਭਵਨ ਦੇ ਗੇਟ ਅੰਦਰ ਦਾਖ਼ਲ ਨਾ ਹੋਣ ਦੇਣ ਦਾ ਬੇਰੁਜ਼ਗਾਰ ਨੌਜਵਾਨਾਂ ਨੇ ਕਾਫ਼ੀ ਬੁਰਾ ਮਨਾਇਆ।
ਸਿੱਖਿਆ ਭਵਨ ਦੇ ਬਾਹਰ ਸਰਕਾਰੀ ਅਣਦੇਖੀ ਦਾ ਰੋਣਾ ਰੋਂਦੇ ਹੋਏ ਡੀਪੀਈ ਰਿਜ਼ਰਵ ਕੈਟਾਗਰੀ ਯੋਗ ਉਮੀਦਵਾਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੰਦੀਪ ਸਿੰਘ, ਗੁਰਮੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਫਰਵਰੀ 2020 ਵਿੱਚ ਇਸ਼ਤਿਹਾਰ ਕਰਕੇ ਪੰਜਾਬ ਵਿੱਚ 873 ਡੀਪੀਈ ਅਸਾਮੀਆਂ ਦੀ ਭਰਤੀ ਕੀਤੀ ਗਈ ਸੀ। ਇਸ ਸਬੰਧੀ ਉਮੀਦਵਾਰਾਂ ਦਾ ਲਿਖਤੀ ਟੈੱਸਟ ਵੀ ਲਿਆ ਗਿਆ ਸੀ। ਇਹ ਟੈੱਸਟ ਪਾਸ ਕਰਨ ਤੋਂ ਬਾਅਦ ਸਫਲ ਉਮੀਦਵਾਰਾਂ ਦੀ ਮੈਰਿਟ ਬਣਾਈ ਗਈ ਅਤੇ ਵਿਭਾਗ ਵੱਲੋਂ ਯੋਗ ਉਮੀਦਵਾਰਾਂ ਦੀ ਕੌਂਸਲਿੰਗ ਕੀਤੀ ਗਈ। ਜਿਸ ਵਿੱਚ ਸਾਰੇ ਉਮੀਦਵਾਰਾਂ ਦੇ ਅਸਲ ਸਰਟੀਫਿਕੇਟ ਵੀ ਚੈੱਕ ਕੀਤੇ ਗਏ ਪਰ ਵਿਭਾਗ ਵੱਲੋਂ 707 ਉਮੀਦਵਾਰਾਂ ਦੀ ਨਿਯੁਕਤੀ ਕਰਕੇ ਉਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ। ਜਦੋਂਕਿ ਬਾਕੀ 166 ਉਮੀਦਵਾਰ ਹੁਣ ਤੱਕ ਨੌਕਰੀ ਨੂੰ ਤਰਸ ਰਹੇ ਹਨ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ 5 ਅਪਰੈਲ ਨੂੰ ਸਿੱਖਿਆ ਵਿਭਾਗ ਨੇ 53 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ ਹੈ ਪਰ ਦਲਿਤ ਵਰਗ ਨਾਲ ਸਬੰਧਤ ਯੋਗ ਉਮੀਦਵਾਰਾਂ ਨੂੰ ਇਸ ਸੂਚੀ ’ਚੋਂ ਵੀ ਬਾਹਰ ਰੱਖਿਆ ਗਿਆ ਹੈ। ਜਿਸ ਕਾਰਨ ਦਲਿਤ ਭਾਈਚਾਰੇ ਦੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ ਅਤੇ ਮੁਲਾਕਾਤਾਂ ਕਰਕੇ ਜ਼ੁਬਾਨੀ ਤੌਰ ’ਤੇ ਆਪਣਾ ਦੁਖੜਾ ਰੋ ਚੁੱਕੇ ਹਨ ਲੇਕਿਨ ਹੁਣ ਤੱਕ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਜਨਰਲ ਕੈਟਾਗਰੀ ਦੀਆਂ 450 ਅਸਾਮੀਆਂ ਬਾਬਤ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ। ਜਿਸ ਦੀ ਆੜ ਵਿੱਚ ਦਲਿਤ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂਕਿ ਇਸ ਕੇਸ ਨਾਲ ਦਲਿਤ ਕੈਟਾਗਰੀ ਦੀਆਂ ਅਸਾਮੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਹ ਸਿੱਖਿਆ ਵਿਭਾਗ ਦੇ ਸਕੱਤਰ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਮੁਹਾਲੀ ਆਏ ਸੀ ਪਰ ਇੱਥੇ ਸਿੱਖਿਆ ਭਵਨ ਦੇ ਬਾਹਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ ਕਾਰਨ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਗੇਟ ਤੋਂ ਹੀ ਵਾਪਸ ਮੋੜ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁੱਝ ਸਿਫ਼ਾਰਸ਼ੀ ਉਮੀਦਵਾਰਾਂ ਨੂੰ ਗਲਤ ਤਰੀਕੇ ਨਾਲ ਨਿਯੁਕਤੀ ਪੱਤਰ ਦਿੱਤੇ ਗਏ ਹਨ। ਜਦੋਂਕਿ ਮੈਰਿਟ ਵਿੱਚ ਉੱਪਰਲੇ ਨੰਬਰਾਂ ਵਾਲੇ ਉਮੀਦਵਾਰਾਂ ਨੂੰ ਫ਼ਰਿਆਦ ਨਹੀਂ ਸੁਣੀ ਜਾ ਰਹੀ ਹੈ। ਇਸ ਮੌਕੇ ਅਰਵਿੰਦਰ ਸਿੰਘ ਬਸਰਾ, ਜਸਪ੍ਰੀਤ ਸਿੰਘ, ਜੀਤ ਸਿੰਘ, ਗੁਰਲਾਲ ਸਿੰਘ, ਸੰਦੀਪ ਸਿੰਘ ਲੰਬੀ, ਅਮਨ ਕੁਮਾਰ, ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਵੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਕੌਰ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਗੁੰਮਰਾਹਕੁਨ ਬਿਆਨਬਾਜ਼ੀ ਕਰਨ ਦੀ ਥਾਂ ਸੱਚ ਦੱਸਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਕੋਈ ਪੀੜਤ ਨੌਜਵਾਨ ਉਨ੍ਹਾਂ ਨੂੰ ਨਹੀਂ ਮਿਲਿਆ ਹੈ ਅਤੇ ਨਾ ਹੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਗੇਟ ਦੇ ਬਾਹਰੋਂ ਵਾਪਸ ਮੋੜ ਦੇਣ ਬਾਰੇ ਹੀ ਕੁੱਝ ਪਤਾ ਹੈ। ਫਿਰ ਵੀ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਨ੍ਹਾਂ ਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…