ਸਰਕਾਰੀ ਦਾਅਵੇ ਖੋਖਲੇ: ਕਰੋਨਾ ਪੀੜਤ ਮਰੀਜ਼ ਇਲਾਜ ਲਈ ਖੱਜਲ-ਖੁਆਰ

ਸਰਕਾਰੀ ਹਸਪਤਾਲ ਤੇ ਪੈਨਲ ਹਸਪਤਾਲਾਂ ਨੇ ਪੱਲਾ ਝਾੜਿਆ, ਇੰਡਸ ਹਸਪਤਾਲ ਨੇ ਫੜੀ ਬਾਂਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਕਰੋਨਾ ਮਹਾਮਾਰੀ ਤੋਂ ਪੀੜਤ ਸਥਾਨਕ ਸਰਕਾਰਾਂ ਵਿਭਾਗ ਦੀ ਸਨੈਟੋ ਰੁਪਿੰਦਰ ਕੌਰ ਨੂੰ ਆਪਣੇ ਇਲਾਜ ਲਈ ਕਾਫੀ ਖੱਜਲ-ਖੁਆਰ ਹੋਣਾ ਪਿਆ। ਪੀੜਤ ਮਰੀਜ਼ ਦੇ ਰਿਸ਼ਤੇਦਾਰ ਅਤੇ ਸੋਸ਼ਲ ਵਰਕਰ ਸੁਖਦੀਪ ਸਿੰਘ ਨਿਆਂ ਸ਼ਹਿਰ ਨੇ ਦੱਸਿਆ ਕਿ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਰੁਪਿੰਦਰ ਕੌਰ ਕਿਡਨੀ ਰੋਗ ਤੋਂ ਪੀੜਤ ਸੀ ਅਤੇ ਉਸ ਦਾ ਹਫ਼ਤੇ ਵਿੱਚ ਦੋ ਵਾਰ ਡਾਇਲਾਸਿਸ ਹੁੰਦਾ ਹੈ ਪ੍ਰੰਤੂ ਪਿਛਲੇ ਦਿਨੀਂ ਉਹ ਕਰੋਨਾਵਾਇਰਸ ਦੇ ਲਪੇਟੇ ਵਿੱਚ ਵੀ ਆ ਗਈ। ਲੇਕਿਨ ਉਸ ਦਾ ਡਾਇਲਾਸਿਸ ਕਰਨ ਨੂੰ ਕੋਈ ਤਿਆਰ ਨਹੀਂ ਹੈ। ਇਸ ਸਬੰਧੀ ਸਰਕਾਰੀ ਅਤੇ ਪੈਨਲ ਵਿੱਚ ਸ਼ਾਮਲ ਪ੍ਰਾਈਵੇਟ ਹਸਪਤਾਲਾਂ ਨੇ ਵੀ ਪੱਲਾ ਝਾੜ ਲਿਆ। ਜਿਸ ਕਾਰਨ ਪੀੜਤ ਮਰੀਜ਼ ਦੀ ਸਿਹਤ ਕਾਫੀ ਵਿਗੜ ਗਈ।
ਸ੍ਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਬੀਤੀ 14 ਸਤੰਬਰ ਨੂੰ ਰੁਪਿੰਦਰ ਕੌਰ ਨੇ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਡਾਇਲਾਸਿਸ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੈੱਡ ਖਾਲੀ ਨਹੀਂ ਹਨ। ਜਿਸ ਕਾਰਨ ਬੈੱਡ ਖਾਲੀ ਹੋਣ ਤੱਕ ਉਸ ਨੂੰ ਬਾਹਰ ਸਟੈਚਰ ’ਤੇ ਪੈਣਾ ਪਵੇਗਾ। ਨਾਲ ਹੀ ਸਟਾਫ਼ ਨੇ ਇਹ ਵੀ ਕਿਹਾ ਕਿ ਜੇਕਰ ਬੈੱਡ ਖਾਲੀ ਨਹੀਂ ਹੁੰਦਾ ਤਾਂ ਉਸ ਨੂੰ ਬਾਹਰੋਂ ਡਾਇਲਾਸਿਸ ਕਰਵਾਉਣਾ ਪਵੇਗਾ। ਪੀਜੀਆਈ ਨੇ ਵੀ ਬਾਂਹ ਨਹੀਂ ਫੜੀ। ਇਸ ਮਗਰੋਂ ਉਨ੍ਹਾਂ ਨੇ ਸੋਹਾਣਾ ਚੈਰੀਟੇਬਲ ਹਸਪਤਾਲ ਨਾਲ ਵੀ ਤਾਲਮੇਲ ਕੀਤਾ ਗਿਆ ਪ੍ਰੰਤੂ ਉਨ੍ਹਾਂ ਨੇ ਵੀ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ। ਸਾਰਾ ਦਿਨ ਹਸਪਤਾਲ ਦੇ ਬਾਹਰ ਖੜੇ ਰਹਿਣ ਦੇ ਬਾਵਜੂਦ ਸ਼ਾਮ ਨੂੰ ਜਵਾਬ ਦਿੱਤਾ। ਉਪਰੰਤ ਸੈਕਟਰ-71 ਸਥਿਤ ਆਈਵੀਵਾਈ ਹਸਪਤਾਲ ਵਿੱਚ ਪਤਾ ਕੀਤਾ ਤਾਂ ਉਨ੍ਹਾਂ ਵੱਲੋਂ 2 ਲੱਖ ਰੁਪਏ ਐਡਵਾਂਸ ਵਿੱਚ ਜਮਾਂ ਕਰਵਾਉਣ ਲਈ ਕਿਹਾ ਗਿਆ। ਇਸ ਤਰ੍ਹਾਂ ਕਾਫੀ ਖੱਜਲ-ਖੁਆਰ ਹੋਣ ਤੋਂ ਬਾਅਦ ਰੁਪਿੰਦਰ ਕੌਰ ਨੂੰ ਇੰਡਸ ਹਸਪਤਾਲ ਡੇਰਾਬੱਸੀ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਐਡਵਾਂਸ ਨਹੀਂ ਲਿਆ ਗਿਆ। ਸਗੋਂ 10 ਹਜ਼ਾਰ ਰੁਪਏ ਲੈ ਕੇ ਫਾਈਲ ਤਿਆਰ ਕਰਕੇ ਮਰੀਜ਼ ਦਾ ਇਲਾਜ ਸ਼ੁਰੂ ਕਰ ਦਿੱਤਾ।
ਸੁਖਦੀਪ ਸਿੰਘ ਨੇ ਕਿਹਾ ਕਿ ਕਿਡਨੀ ਰੋਗ ਤੋਂ ਪੀੜਤ ਮਰੀਜ਼ ਲਈ ਸਮੇਂ ਸਿਰ ਡਾਇਲਾਸਿਸ ਬਹੁਤ ਜ਼ਰੂਰੀ ਹੈ ਪ੍ਰੰਤੂ ਕਰੋਨਾ ਸੰਕਟ ਦੌਰਾਨ ਕਈ ਹਸਪਤਾਲਾਂ ਵਿੱਚ ਮਰੀਜ਼ ਦੀ ਪੂਰੀ ਛਿੱਲ ਲਾਹੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਪਹਿਲ ਦੇ ਅਧਾਰ ’ਤੇ ਅਜਿਹੇ ਮਰੀਜ਼ਾਂ ਦਾ ਲਾਇਲਾਸਿਸ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਹ ਮਾਮਲਾ ਉਨ੍ਹਾਂ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਹਾਲੇ ਤੱਕ ਕਿਸੇ ਪੀੜਤ ਨੇ ਸਿਹਤ ਵਿਭਾਗ ਨੂੰ ਕੋਈ ਸ਼ਿਕਾਇਤ ਹੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਕੋਈ ਹਸਪਤਾਲ ਕਿਸੇ ਮਰੀਜ਼ ਨੂੰ ਇਲਾਜ ਤੋਂ ਜਵਾਬ ਨਹੀਂ ਦੇ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪ੍ਰੰਤੂ ਜ਼ਿਆਦਾਤਰ ਲੋਕ ਪ੍ਰਾਈਵੇਟ ਹਸਪਤਾਲਾਂ ਵੱਲ ਭੱਜਦੇ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…