ਮੁਹਾਲੀ ਚੋਂ ਲੰਘਦੇ ਐਨ-ਚੋਅ ਦੀ ਸਫਾਈ ਲਈ ਸਰਕਾਰ ਵੱਲੋਂ 1 ਕਰੋੜ 25 ਲੱਖ ਰੁਪਏ ਹੋਏ ਮਨਜ਼ੂਰ: ਸਿੱਧੂ
ਐਨ-ਚੋਅ ਦੀ ਸਫਾਈ ਸਮੇਂ ਚੋਅ ਚ ਇੱਕਠਾ ਹੋਇਆ ਰੇਤਾ ਨਿਯਮਾਂ ਅਨੁਸਾਰ ਵੇਚਣ ਦਾ ਕੀਤਾ ਫੈਸਲਾ
ਬਰਸਾਤ ਦੇ ਮੌਸਮ ਦੌਰਾਨ ਮੁਹਾਲੀ ਸ਼ਹਿਰ ਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਪੁਖਤ ਪ੍ਰਬੰਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਪੰਜਾਬ ਵਿੱਚ ਮੌਨਸੂਨ ਦੇ ਪਹੁੰਚਣ ਨਾਲ ਹੋਣ ਵਾਲੀ ਬਰਸਾਤ ਦੇ ਮੌਸਮ ਸਮੇਂ ਹੜ੍ਹਾਂ ਵਰਗੀ ਸਥਿਤੀ ਤੋਂ ਨਜਿੱਠਣ ਲਈ ਮੁਹਾਲੀ ਸ਼ਹਿਰ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਹਿਰ ਚੋਂ ਬਰਸਾਤੀ ਪਾਣੀ ਦੇ ਨਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਸ ਸ਼ਹਿਰ ਚੋਂ ਲੰਘਦੇ ਐਨ-ਚੋਅ ਦੀ ਸਾਫ-ਸਫਾਈ ਦਾ ਕੰਮ ਪੂਰੀ ਮੁਸਤੈਦੀ ਨਾਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨਾਲ ਐਨ-ਚੋਅ ਦੀ ਕੀਤੀ ਜਾ ਰਹੀ ਸਫਾਈ ਦੇ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਫੇਜ਼ 8 ਤੋਂ ਸੈਕਟਰ 80 ਤੱਕ ਨਗਰ ਨਿਗਮ ਦੀ ਹਦੂਦ ਅੰਦਰ ਲੰਘਦੇ ਐਨ ਚੋਅ ਦੀ ਸਫਾਈ ਕਰਵਾਉਣ ਲਈ 01 ਕਰੋੜ 25 ਲੱਖ ਰੁਪਏ ਸਰਕਾਰ ਵੱਲੋਂ ਪ੍ਰਵਾਨ ਕੀਤੇ ਗਏ ਹਨ। ਇਹ ਰਕਮ ਐਨ ਚੋਅ ਦੀ ਸਫਾਈ ਅਤੇ ਇਸ ਨੂੰ ਸੁੰਦਰ ਦਿੱਖ ਦੇਣ ਲਈ ਖਰਚ ਕੀਤੀ ਜਾਵੇਗੀ। ਸ੍ਰੀ ਸਿੱਧੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਕਿਹਾ ਕਿ ਐਨ-ਚੋਅ ਵਿਚ ਇੱਕਠਾ ਹੋਇਆ ਰੇਤਾ ਨਿਯਮਾਂ ਅਨੁਸਾਰ ਸ਼ਾਰਟ ਟੈਂਡਰ ਦੇ ਕੇ ਵੇਚਿਆ ਜਾਵੇ ਅਤੇ ਇੱਕਠੀ ਹੋਈ ਰਕਮ ਚੋਅ ਦੇ ਕੰਢਿਆ ਨੂੰ ਸਾਫ਼-ਸੁਥਰਾ ਅਤੇ ਮਜ਼ਬੂਤ ਬਣਾਉਣ ਤੇ ਖਰਚੀ ਜਾਵੇ।
ਸ੍ਰੀ ਸਿੱਧੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਬੀਤੇ ਸਮੇਂ ਦੌਰਾਨ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿਚ ਬਰਸਾਤੀ ਪਾਣੀ ਨਾਲ ਲੋਕਾਂ ਦਾ ਨੁਕਸਾਨ ਹੋ ਗਿਆ ਸੀ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਇਲਾਕਿਆਂ ਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਪੁੱਖਤਾ ਪ੍ਰਬੰਧ ਕੀਤੇ ਜਾਣ ਅਤੇ ਬਚਾਅ ਕਾਰਜਾਂ ਲਈ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣ। ਸ੍ਰੀ ਸਿੱਧੂ ਨੇ ਇਹ ਵੀ ਦੱਸਿਆ ਕਿ ਪੂਰੇ ਜਿਲ੍ਹੇ ਚ ਬਰਸਾਤੀ ਮੌਸਮ ਦੌਰਾਨ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਅਤੇ ਜਿਲ੍ਹੇ ਵਿਚੋਂ ਲੰਘਦੀਆਂ ਪ੍ਰਮੁੱਖ ਅਤੇ ਲਿੰਕ ਸੜਕਾਂ ਤੇ ਬਣੇ ਪੁਲਾਂ ਅਤੇ ਪੁਲੀਆਂ ਹੇਠ ਸਾਫ ਸਫਾਈ ਕਰਕੇ ਪਾਣੀ ਦੇ ਨਿਕਾਸ ਦੇ ਮਜ਼ਬੂਤ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਜਿਸ ਸਬੰਧੀ ਕੋਈ ਵੀ ਕੁਤਾਹੀ ਬ੍ਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰੀਸਵ ਜੈਨ, ਕਮਿਸ਼ਨਰ ਸ੍ਰੀ ਸੰਦੀਪ ਹਾਂਸ, ਐਸ.ਈ. ਸ੍ਰੀ ਮੁਕੇਸ਼ ਗਰਗ, ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਡਾਇਰੈਕਟਰ ਪੰਜਾਬ ਸ਼ੋਸਲ ਸਿਕਿਉਰਟੀ ਬੋਰਡ ਸ. ਗੁਰਚਰਨ ਸਿੰਘ ਭਮਰਾ, ਕਮਲਪ੍ਰੀਤ ਸਿੰਘ ਬੰਨੀ, ਇੰਦਰਜੀਤ ਸਿੰਘ ਢਿਲੋਂ, ਰਘਬੀਰ ਸਿੰਘ ਸੰਧੂ, ਤਰਲੋਚਨ ਸਿੰਘ ਜਸਵਾਲ, ਮੋਹਕਮ ਸਿੰਘ, ਕੰਵਲਜੀਤ ਸਿੰਘ ਬਰਾੜ, ਜਸਵਿੰਦਰ ਸਿੰਘ ਗਿੱਲ, ਰਤਨ ਲਾਲ, ਗੁਰਮੀਤ ਸਿੰਘ ਬਰਾੜ, ਜਰਨੈਲ ਸਿੰਘ, ਭੁਪਿੰਦਰ ਸਿੰਘ ਚੌਹਾਨ, ਨਗਰ ਨਿਗਮ ਦੇ ਐਕਸੀਅਨ ਸ੍ਰੀ ਅਸ਼ਵਨੀ ਕੁਮਾਰ, ਐਸ.ਡੀ.ਓ ਸ੍ਰੀ ਹਰਪੀ੍ਰਤ ਸਿੰਘ ਅਤੇ ਠੇਕੇਦਾਰ ਅਵਤਾਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।