
ਸਰਕਾਰ ਨੇ ਮੇਅਰ ਦੇ ਅਹੁਦੇ ਤੋਂ ਲਾਂਭੇ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਹਾਈ ਕੋਰਟ ਨੇ ਇਨਸਾਫ਼ ਕੀਤਾ: ਜੀਤੀ ਸਿੱਧੂ
ਸ਼ਹਿਰ ਤੇ ਇਲਾਕਾ ਵਾਸੀਆਂ ਦੇ ਹੱਕਾਂ ’ਤੇ ਚੌਕੀਦਾਰ ਬਣ ਕੇ ਪਹਿਰਾ ਦਿੰਦੇ ਰਹਾਂਗੇ: ਬਲਬੀਰ ਸਿੱਧੂ
ਮੁਹਾਲੀ ਨਿਗਮ ਦਾ ਕੰਮ ਬਾਕੀ ਕਾਰਪੋਰੇਸ਼ਨਾਂ ਲਈ ਇਕ ਵੱਖਰਾ ਵਿਕਾਸ ਮਾਡਲ ਬਣੇਗਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਉੱਚ ਅਦਾਲਤ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਨਸਾਫ਼ ਪਸੰਦ ਸ਼ਹਿਰੀ ਹਨ ਅਤੇ ਉਨ੍ਹਾਂ ਨੂੰ ਨਿਆਂ ਪਾਲਕਾ ’ਤੇ ਪੂਰਾ ਭਰੋਸਾ ਸੀ। ਜਦੋਂਕਿ ਹੁਕਮਰਾਨਾਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਮੇਅਰ ਦੇ ਅਹੁਦੇ ਤੋਂ ਲਾਂਭੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਪਰ ਅਦਾਲਤ ਨੇ ਅੱਜ ਸਰਕਾਰ ਦਾ ਇੱਕਪਾਸੜ ਫ਼ੈਸਲਾ ਰੱਦ ਕਰਕੇ ਉਨ੍ਹਾਂ ਨਾਲ ਪੂਰਾ ਇਨਸਾਫ਼ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਜੀਤੀ ਸਿੱਧੂ ਨੇ ਕਿਹਾ ਕਿ ਵਿਰੋਧੀ ਧਿਰ ਦੀਆਂ ਸਾਰੀਆਂ ਸਾਜ਼ਿਸ਼ਾਂ ਅਤੇ ਚਾਲਾਂ ਪੁੱਠੀਆਂ ਪੈ ਗਈਆਂ ਹਨ ਜਦੋਂਕਿ ਆਪ ਕੌਂਸਲਰਾਂ ਨੇ ਮੇਅਰ ਬਣਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਲਾਂਭੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਅਦਾਲਤ ਨੇ ਉਨ੍ਹਾਂ ਨਾਲ ਇਨਸਾਫ਼ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਆਮ ਲੋਕਾਂ ਦਾ ਨਿਆਂਪ੍ਰਣਾਲੀ ਵਿੱਚ ਭਰੋਸਾ ਵਧਿਆ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਉਹ ਜਲਦੀ ਹੀ ਮੇਅਰ ਦਾ ਅਹੁਦਾ ਸੰਭਾਲਣਗੇ ਅਤੇ ਵਿਕਾਸ ਕੰਮਾਂ ਨੂੰ ਮੁੜ ਲੀਹ ’ਤੇ ਲਿਆਂਦਾ ਜਾਵੇਗਾ। ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਸ਼ਹਿਰ ਵਿੱਚ ਵਿਕਾਸ ਕੰਮ ਠੱਪ ਰਹੇ ਸੀ ਅਤੇ ਹੁਕਮਰਾਨ ਵੀ ਵਿਕਾਸ ਵੱਲ ਧਿਆਨ ਦੀ ਥਾਂ ਨਗਰ ਨਿਗਮ ’ਤੇ ਕਾਬਜ਼ ਹੋਣ ਲਈ ਤਾਣਾ-ਬਾਣਾ ਬੁਣਦੇ ਰਹੇ ਹਨ। ਜੀਤੀ ਸਿੱਧੂ ਨੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨਿਆਂਪਾਲਿਕਾ ਵਿੱਚ ਭਰੋਸਾ ਹੋਰ ਵਧ ਗਿਆ ਹੈ ਅਤੇ ਇਹ ਲੋਕਤੰਤਰ ਦੀ ਜਿੱਤ ਹੈ।
ਸਾਬਕਾ ਸਿਹਤ ਮੰਤਰੀ ਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਵਿਰੋਧੀਆਂ ’ਤੇ ਤੰਜ ਕਸਦਿਆਂ ਕਿਹਾ ਕਿ ਸਿਆਸਤ ਲੋਕ ਮੁੱਦਿਆਂ ਅਤੇ ਤੱਥਾਂ ’ਤੇ ਕੀਤੀ ਜਾਂਦੀ ਹੈ, ਨਿੱਜੀ ਰੰਜ਼ਸ਼ਾਂ ਨਾਲ ਕਦੇ ਵੀ ਲੋਕ ਸੇਵਾ ਨਹੀਂ ਹੋ ਸਕਦੀ। ਉਨ੍ਹਾਂ ਹੁਕਮਰਾਨਾਂ ਨੂੰ ਲਲਕਾਰਦੇ ਹੋਏ ਕਿਹਾ ਉਹ ਹਰ ਮੁਸ਼ਕਲ ਦਾ ਸਾਹਮਣਾ ਕਰਨ ਨੂੰ ਤਿਆਰ ਹਨ ਪਰ ਮੁਹਾਲੀ ਦੇ ਵਿਕਾਸ ਅਤੇ ਤਰੱਕੀ ਵਿੱਚ ਕਿਸੇ ਕਿਸਮ ਦੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜਾਣਦਾ ਹੈ, ਉਨ੍ਹਾਂ ਦੇ ਪਰਿਵਾਰ ਨੇ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਦੱੁਖ-ਸੱੁਖ ਵਿੱਚ ਸਾਥ ਦਿੱਤਾ ਹੈ, ਇਸ ਗੱਲ ਨੂੰ ਕੋਈ ਸ਼ਹਿਰ ਵਾਸੀ ਇਨਕਾਰ ਨਹੀਂ ਕਰ ਸਕਦਾ ਹੈ ਪ੍ਰੰਤੂ ਉਨ੍ਹਾਂ ਨਾਲ ਜੋ ਸਰਕਾਰ ਨੇ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਕਮਜ਼ੋਰ ਕਰਨ ਅਤੇ ਪਰਿਵਾਰ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ।