Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਸਰਕਾਰੀ ਪ੍ਰਾਇਮਰੀ ਪੱਧਰ ਦੇ ਬਾਲ ਮੇਲਿਆਂ ਨੇ ਰੰਗ ਤੇ ਸੁਗੰਧੀ ਬਿਖੇਰੀ

ਬਲਾਕ ਪੱਧਰੀ ਬਾਲ ਮਾਲੇ ਆਯੋਜਿਤ ਕਰਨ ਵਾਲਾ ਮੁਹਾਲੀ ਪੰਜਾਬ ਦਾ ਪਹਿਲਾਂ ਜ਼ਿਲ੍ਹਾ ਬਣਿਆ

ਮੁਹਾਲੀ ਵਿੱਚ ਫਰਵਰੀ ਦੇ ਦੂਜੇ ਹਫ਼ਤੇ ਕਰਵਾਏ ਜ਼ਿਲ੍ਹਾ ਪੱਧਰੀ ਬਾਲ ਮੇਲੇ: ਡੀਈਓ ਸ੍ਰੀਮਤੀ ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਿੱਚ ਕਿੰਨਾ ਹੁਨਰ ਹੈ? ਕਿੰਨੀ ਪ੍ਰਤਿਭਾ ਹੈ? ਉਨ੍ਹਾਂ ਵਿੱਚ ਕਿੰਨੀਆਂ ਕਲਾਵਾਂ ਅਤੇ ਕਿੰਨੇ ਵੱਡੇ ਪੱਧਰ ਦੀਆਂ ਹਨ? ਉਹ ਕਿਹੋ ਜਿਹੇ ਜੁਗਨੂੰ ਤੇ ਸੂਰਜ ਹਨ? ਉਨ੍ਹਾਂ ਦੀਆਂ ਸ਼ਖ਼ਸੀਅਤ ਦੇ ਕਿੰਨੇ ਪੱਖ ਅਤੇ ਸਤਰੰਗੀ ਪੀਂਘ ਵਾਲੇ ਰੰਗ ਹਨ? ਇਨ੍ਹਾਂ ਸਾਰੇ ਗੁਣਾਂ ਦੀਆਂ ਵੰਨਗੀਆਂ ਤੇ ਝਲਕਾਂ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਅੱਠ ਬਲਾਕਾਂ ਵਿੱਚ ਲਗਭਗ 440 ਪ੍ਰਾਇਮਰੀ ਸਕੂਲਾਂ ਦੇ ਕਰਵਾਏ ਗਏ ਬਾਲ ਮੇਲਿਆਂ ਵਿੱਚ ਦੇਖਣ ਨੂੰ ਮਿਲੀਆਂ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਸਟੇਟ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਦੀ ਦੇਖਰੇਖ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ. ਹਰਪਾਲ ਸਿੰਘ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਭਰ ’ਚੋਂ ਕੇਵਲ ਮੋਹਾਲੀ ਜ਼ਿਲ੍ਹੇ ਵਿੱਚ ਅਜਿਹੇ ਬਾਲ ਮੇਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੇਲਿਆਂ ਦਾ ਆਯੋਜਨ ਅਧਿਆਪਕਾਂ ਦੁਆਰਾ ਅਪਣੇ ਪੱਧਰ ਤੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਕੀਤਾ ਗਿਆ।
ਜ਼ਿਲ੍ਹਾ ਮੁਹਾਲੀ ਦੇ ਸਾਰੇ ਬਲਾਕਾਂ ਵਿੱਚ ਕਰਵਾਏ ਗਏ ਬਾਲ ਮੇਲਿਆਂ ਦਾ ਉਦੇਸ਼ ਅਤੇ ਸਾਰਥਿਕਤਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਬਾਲ ਮੇਲਿਆਂ ਦੇ ਬਹੁ-ਦਿਸ਼ਾਵੀ ਮੰਤਵ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣਾ, ਬੱਚਿਆਂ ਦੇ ਕਲਾਤਮਕ ਪੱਖ ਦੀ ਪਛਾਣ ਕਰਨਾ, ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਭਰਨਾ ਅਤੇ ਸਕੂਲ ਦੀਆਂ ਸਰਗਰਮੀਆਂ ਨੂੰ ਪੇਸ਼ ਕਰਨਾ, ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਮੰਚ ਪ੍ਰਦਾਨ ਕਰਨਾ, ਸਮਾਜ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਗੁਣਾਤਮਿਕ ਪੱਧਰ ਦੇ ਦਰਸ਼ਨ ਕਰਵਾਉਣਾ, ਅਧਿਆਪਕਾਂ ਦੀ ਸਹਾਇਤਾ ਨਾਲ ਤਿਆਰ ਕੀਤੇ ਬਾਲ ਮੈਗਜ਼ੀਨਾਂ ਨੂੰ ਪ੍ਰਦਰਸ਼ਿਤ ਕਰਨਾ, ਬੱਚਿਆਂ ਦੁਆਰਾ ਤਿਆਰ ਮਾਡਲਾਂ ਅਤੇ ਕਰਾਫ਼ਟ ਵਰਕ ਨੂੰ ਗੰਭੀਰਤਾ ਅਤੇ ਅਰਥ-ਭਰਪੂਰ ਢੰਗ ਨਾਲ ਪ੍ਰਦਰਸ਼ਿਤ ਕਰਨਾ, ਸਿੱਖਣ ਸਹਾਇਕ ਸਮੱਗਰੀ ਨੂੰ ਭਾਵ-ਪੂਰਕ ਢੰਗ ਨਾਲ ਪੇਸ਼ ਕਰਨ ਤੋਂ ਇਲਾਵਾ ਹੋਰ ਵੀ ਦਿਸਦੇ/ਅਣਦਿਸਦੇ ਮੰਤਵਾਂ ਅਧੀਨ ਸਾਰੇ ਹੀ ਬਾਲ ਮੇਲਿਆਂ ਦੀਆਂ ਪ੍ਰਦਰਸ਼ਨੀਆਂ ਮਨ-ਮੋਹ ਲੈਣ ਵਾਲੀਆਂ ਸਨ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਬਲਾਕਾਂ ਵਿੱਚ ਪ੍ਰਦਰਸ਼ਨੀਆਂ ਤੋਂ ਇਲਾਵਾ ਬੱਚਿਆਂ ਦੀਆਂ ਸਟੇਜੀ ਪੇਸ਼ਕਾਰੀਆਂ ਵਿੱਚ ਨਿੱਗਰ ਸੁਨੇਹਾ ਸੀ। ਜਿਸ ਵਿੱਚ ਵਰਤਮਾਨ ਸਮੱਸਿਆਵਾਂ ਪ੍ਰਤੀ ਸੁਚੇਤ ਕਰਨਾ, ਮੌਜੂਦਾ ਸਮਾਜਿਕ ਮਸਲੇ, ਦੇਸ਼-ਭਗਤੀ, ਵਾਤਾਵਰਨ ਦੀ ਸੰਭਾਲ, ਪੰਜਾਬੀ ਸਭਿਆਚਾਰ ਦਾ ਪ੍ਰਚਾਰ, ਪੰਜਾਬ ਦੇ ਅਮੀਰ ਧਾਰਮਿਕ ਵਿਰਸੇ ਦੇ ਦਰਸ਼ਨ, ਪੰਜਾਬੀਆਂ ਦੀ ਜਿੰਦ-ਜਾਨ ਗਿੱਧੇ-ਭੰਗੜੇ ਦਾ ਅਲੌਕਿਕ ਜਲੋਅ ਅਤੇ ਜਲਵਾ ਬਾਲਾਂ ਦੀ ਸਰਵਪੱਖੀ ਸ਼ਖ਼ਸੀਅਤ ਨਿਖਾਰਨ ਅਤੇ ਬਾਲਾਂ ਨੂੰ ਸਮੇਂ ਦੀ ਸੋਚ ਦੇ ਹਾਣੀ ਬਣਾਉਣ ਜਿਹੇ ਅਨੇਕਾਂ ਵਿਸ਼ਿਆਂ ਨਾਲ ਸਬੰਧਤ ਪੇਸ਼ਕਾਰੀਆਂ ਸਨ। ਇਨ੍ਹਾਂ ਮੇਲਿਆਂ ‘ਚ ਬੱਚਿਆਂ ਅਤੇ ਅਧਿਆਪਕਾਂ ਦੀ ਸੁੰਦਰ ਲਿਖਤ ਅਤੇ ਚਿੱਤਰਕਲਾ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਹਾਇਕ ਸਿੱਖਣ ਸਮੱਗਰੀ ਦੇ ਸੈਂਟਰਾਂ ਦੇ ਆਪਸੀ ਮੁਕਾਬਲੇ ਵੀ ਕਰਵਾਏ ਗਏ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਾਲ ਮੇਲਿਆਂ ਨਾਲ ਪ੍ਰਾਇਮਰੀ ਪੱਧਰ ਦੇ ਬੱਚਿਆਂ ‘ਚ ਕਲਾ-ਕੁਸ਼ਲਤਾ, ਅਧਿਆਪਕਾਂ ਵਿੱਚ ਸਮਰੱਥਾ ਅਤੇ ਅਗਵਾਈ ਦੇਣ ਦੀ ਯੋਗਤਾ, ਪ੍ਰਾਇਮਰੀ ਸਕੂਲਾਂ ਦੀ ਭਰੋਸੇਯੋਗਤਾ ਅਤੇ ਗੁਣਵੱਤਾ ਦੇ ਸ਼ਾਖਸਾਤ ਦਰਸ਼ਨ ਹੋਏ ਹਨ। ਇਨ੍ਹਾਂ ਮੇਲਿਆਂ ਦੀ ਸਾਰਥਿਕਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਹੁਣ ਜ਼ਿਲ੍ਹਾ ਪੱਧਰੀ ਬਾਲ ਮੇਲਾ ਫਰਵਰੀ ਦੇ ਦੂਜੇ ਹਫ਼ਤੇ ਕਰਵਾਇਆ ਜਾਵੇਗਾ। ਇਸ ਸਬੰਧੀ ਅਧਿਆਪਕਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਬਾਲ ਮੇਲਿਆਂ ਵਿੱਚ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਸਲਾਹਿਆ ਅਤੇ ਅਧਿਆਪਕਾਂ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …