ਸਰਕਾਰੀ ਅਣਦੇਖੀ: ਪਿੰਡ ਸੈਦਪੁਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਠੰਢ ਵਿੱਚ ਭੁੰਜੇ ਬੈਠ ਕੇ ਪੜ੍ਹਨ ਲਈ ਮਜਬੂਰ

ਬਾਦਲ ਸਰਕਾਰ ਵੇਲੇ ਸਿੱਖਿਆ ਵਿਭਾਗ ਨੇ ਅਣਸੇਫ਼ ਕਰਾਰ ਦੇ ਕੇ ਢਾਹ ਦਿੱਤੀ ਸੀ ਸਕੂਲ ਦੀ ਇਮਾਰਤ, ਗਰਾਂਟ ਦੇਣਾ ਭੁੱਲੀ ਸਰਕਾਰ

ਵਿਧਾਇਕ ਸਿੱਧੂ ਵੱਲੋਂ ਸਿੱਖਿਆ ਮੰਤਰੀ ਨੂੰ ਸੈਦਪੁਰ ਵਿੱਚ ਸਰਕਾਰੀ ਸਕੂਲ ਦੀ ਉਸਾਰੀ ਲਈ ਗਰਾਂਟ ਦੇਣ ਦੀ ਗੁਹਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਪੰਜਾਬ ਵਿੱਚ ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਸਮੇਂ ਦੇ ਹੁਕਮਰਾਨ ਦਾਅਵੇ ਤਾਂ ਬੜੇ ਕਰਦੇ ਹਨ ਪ੍ਰੰਤੂ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਸਰਕਾਰੀ ਅਣਦੇਖੀ ਦੇ ਚੱਲਦਿਆਂ ਇੱਥੋਂ ਦੇ ਲਾਂਡਰਾਂ-ਸਰਹਿੰਦ ਸੜਕ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੈਦਪੁਰ ਦੇ ਬੱਚੇ ਠੰਢ ਦੇ ਮੌਸਮ ਵਿੱਚ ਇੱਕ ਸਾਬਕਾ ਫੌਜੀ ਦੇ ਘਰ ਭੁੰਜੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ। ਦੱਸਿਆ ਗਿਆ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਦਸੰਬਰ 2016 ਵਿੱਚ ਸਿੱਖਿਆ ਵਿਭਾਗ ਨੇ ਉਕਤ ਸਕੂਲ ਦੀ ਇਮਾਰਤ ਨੂੰ ਅਣਸੇਫ਼ ਕਰਾਰ ਦੇਣ ਢਾਹ ਦਿੱਤਾ ਸੀ ਲੇਕਿਨ ਬਾਅਦ ਵਿੱਚ ਹੁਕਮਰਾਨ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਗਰਾਂਟ ਦੇਣਾ ਹੀ ਭੁੱਲ ਗਏ। ਇਹੀ ਨਹੀਂ ਸੱਤਾ ਪਰਿਵਰਤਨ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਬੱਚਿਆਂ ਦੀ ਕੋਈ ਸਾਰ ਨਹੀਂ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ 20 ਮਈ 2016 ਨੂੰ ਸਾਲ ਪਹਿਲਾਂ ਪੀ.ਡਬਲਿਊ.ਡੀ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਦੀ ਇਮਾਰਤ ਨੂੰ ਅਣਸੇਫ਼ ਕਰਾਰ ਦਿੱਤਾ ਗਿਆ ਸੀ। ਲੇਕਿਨ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਅਧਿਆਪਕਾਂ ਵੱਲੋਂ ਇਸੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਜਾਰੀ ਰੱਖਿਆ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਿਛਲੇ ਸਾਲ 1 ਅਗਸਤ ਨੂੰ ਉਕਤ ਸਕੂਲ ਦੀ ਇਮਾਰਤ ਢਾਹੁਣ ਲਈ ਪੱਤਰ ਜਾਰੀ ਕੀਤਾ ਗਿਆ। ਅਧਿਕਾਰੀ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਪੱਤਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਸਾਫ਼ ਲਿਖਿਆ ਸੀ ਕਿ ਜੇਕਰ ਖਸਤਾ ਹਾਲ ਇਮਾਰਤ ਵਿੱਚ ਬੱਚਿਆਂ ਨੂੰ ਪੜ੍ਹਾਉਣ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਕੂਲ ਦੇ ਅਧਿਆਪਕ ਜ਼ਿੰਮੇਵਾਰ ਹੋਣਗੇ। ਜਿਸ ਕਾਰਨ 2 ਦਸੰਬਰ 2016 ਨੂੰ ਸਕੂਲ ਦੀ ਇਮਾਰਤ ਢਾਹਿਆ ਗਿਆ ਅਤੇ ਇੱਕ ਲੱਖ ਰੁਪਏ ਮਲਬਾ ਵੇਚ ਕੇ ਪੈਸੇ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ ਸੀ ਪ੍ਰੰਤੂ ਬਾਅਦ ਵਿੱਚ ਸਰਕਾਰ ਜਾਂ ਸਿੱਖਿਆ ਵਿਭਾਗ ਨੇ ਨਵੀਂ ਇਮਾਰਤ ਦੀ ਉਸਾਰੀ ਲਈ ਕੋਈ ਫੰਡ ਜਾਰੀ ਨਹੀਂ ਕੀਤੇ ਗਏ।
ਉਧਰ, ਪਿੰਡ ਦੇ ਇੱਕ ਸੇਵਾਮੁਕਤ ਫੌਜੀ ਨੇ ਤਰਸ ਦੇ ਆਧਾਰ ’ਤੇ ਬੱਚਿਆਂ ਨੂੰ ਪੜ੍ਹਾਉਣ ਲਈ ਆਪਣਾ ਮਕਾਨ ਦਿੱਤਾ ਗਿਆ। ਪਿਛਲੇ ਇੱਕ ਸਾਲ ਤੋਂ ਸਾਬਕਾ ਫੌਜੀ ਦੇ ਮਕਾਨ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਲੇਕਿਨ ਹੁਣ ਕਿਸੇ ਕਾਰਨ ਫੌਜੀ ਨੇ ਮਕਾਨ ਖਾਲੀ ਕਰਨ ਨੂੰ ਕਹਿ ਦਿੱਤਾ ਹੈ। ਅਧਿਆਪਕਾਂ ਅਨੁਸਾਰ ਸਕੂਲ ਵਿੱਚ ਪਹਿਲਾਂ ਹੀ ਪੰਜਵੀਂ ਤੱਕ 55 ਬੱਚੇ ਪੜ੍ਹਦੇ ਹਨ ਅਤੇ ਬੀਤੇ ਦਿਨੀਂ ਬਾਲ ਦਿਵਸ ’ਤੇ 11 ਬੱਚੇ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਦਾਖ਼ਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਵਿੱਚ ਦਿੱਕਤ ਆ ਰਹੀ ਹੈ। ਕਈ ਵਾਰ ਧੁੱਪ ਨਿਕਲਣ ’ਤੇ ਬੱਚਿਆਂ ਨੂੰ ਬਾਹਰ ਵਿਹੜੇ ਵਿੱਚ ਬਿਠਾਇਆ ਜਾਂਦਾ ਹੈ।
ਬਲਾਕ ਸਮਿਤੀ ਮੈਂਬਰ ਬੀਬੀ ਬਲਜਿੰਦਰ ਕੌਰ ਸੈਦਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀ ਇਮਾਰਤ ਦੇ ਨਿਰਮਾਣ ਲਈ ਤੁਰੰਤ ਗਰਾਂਟ ਦਿੱਤੀ ਜਾਵੇ ਤਾਂ ਜੋ ਸਰਦੀ ਦੇ ਮੌਸਮ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਮਿਹਨਤੀ ਦੱਸਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਉਨ੍ਹਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ। ਦੋਵੇਂ ਅਧਿਆਪਕ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ।
(ਬਾਕਸ ਆਈਟਮ)
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਸਾਲ ਪਹਿਲਾਂ ਪ੍ਰਾਇਮਰੀ ਸਕੂਲ ਸੈਦਪੁਰ ਦੀ ਇਮਾਰਤ ਨੂੰ ਅਣਸੇਫ਼ ਕਰਾਰ ਦੇ ਕੇ ਢਾਹ ਤਾਂ ਦਿੱਤਾ ਲੇਕਿਨ ਬਾਅਦ ਵਿੱਚ ਕੋਈ ਗਰਾਂਟ ਨਹੀਂ ਦਿੱਤੀ। ਜਿਸ ਕਾਰਨ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਨਹੀਂ ਹੋ ਸਕੀ। ਉਨ੍ਹਾਂ ਨੇ ਇਹ ਮਾਮਲਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਧਿਆਨ ਵਿੱਚ ਲਿਆਉਂਦਿਆਂ ਮੰਗ ਕੀਤੀ ਕਿ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਲੋੜੀਂਦੇ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਿੰਨਾਂ ਹੋ ਸਕਿਆ ਉਹ ਵੀ ਨਿੱਜੀ ਤੌਰ ’ਤੇ ਫੰਡ ਮੁਹੱਈਆ ਕਰਨਗੇ। ਉਨ੍ਹਾਂ ਪਿੰਡ ਵਾਸੀਆਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਕੂਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਸਾਬਕਾ ਫੌਜੀ ਨੇ ਮਕਾਨ ਖਾਲੀ ਕਰਨ ਦੀ ਕਾਹਲ ਕੀਤੀ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Problems

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…