
ਸਰਕਾਰ ਨੇ ਸਿੱਖਿਆ ਬੋਰਡ ਨੂੰ ਕਰੋੜਾਂ ਰੁਪਏ ਬਕਾਇਆ ਰਾਸ਼ੀ ਦੇਣ ਤੋਂ ਹੱਥ ਘੁੱਟਿਆਂ, ਮੁਲਾਜ਼ਮਾਂ ਵੱਲੋਂ ਰੋਸ ਮਾਰਚ
ਕਰਮਚਾਰੀਆਂ ਨੇ ਪੰਜਾਬ ਦੀ ਆਪ ਸਰਕਾਰ ਵਿਰੋਧੀ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਕੀਤੀ ਨਾਅਰੇਬਾਜ਼ੀ
ਨਬਜ਼-ਏ-ਪੰਜਾਬ, ਮੁਹਾਲੀ, 28 ਨਵੰਬਰ:
ਪੰਜਾਬ ਸਰਕਾਰ ਵੱਲੋਂ ਸਿੱਖਿਆ ਬੋਰਡ ਨੂੰ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦੇਣ ਤੋਂ ਹੱਥ ਘੁੱਟਿਆਂ ਜਾ ਰਿਹਾ ਹੈ। ਜਿਸ ਦਾ ਬੁਰਾ ਮਨਾਉਂਦੇ ਹੋਏ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਬੋਰਡ ਮੁਲਾਜ਼ਮਾਂ ਨੇ ਸਿੱਖਿਆ ਭਵਨ ਤੋਂ ਲੈ ਕੇ ਟਰੈਫ਼ਿਕ ਲਾਈਟ ਪੁਆਇੰਟ ਫੇਜ਼-7 ਤੱਕ ਸਰਕਾਰ ਵਿਰੋਧੀ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਪੈਦਲ ਰੋਸ ਮਾਰਚ ਕੀਤਾ ਅਤੇ ਧਰਨਾ ਦਿੱਤਾ। ਜਿਸ ਕਾਰਨ ਕੁੱਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਬੋਰਡ ਦਾ ਦਫ਼ਤਰੀ ਕੰਮ ਵੀ ਠੱਪ ਰਿਹਾ। ਇਸ ਤੋਂ ਪਹਿਲਾਂ ਸਵੇਰੇ ਸਿੱਖਿਆ ਬੋਰਡ ਦੇ ਸਾਰੇ ਗੇਟ ਬੰਦ ਕੀਤੇ ਗਏ। ਡੀਪੀਆਈ ਦਫ਼ਤਰ ਵਾਲੇ ਗੇਟ ਨੂੰ ਵੀ ਬੰਦ ਕਰਕੇ ਗੇਟ ਰੈਲੀ ਕੀਤੀ ਗਈ।
ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆ ਫੀਸ ਨਹੀਂ ਦੇ ਰਹੀ ਹੈ। ਵਿਦਿਆਰਥੀਆਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਿਤਾਬਾਂ ਦੇ ਪੈਸੇ ਵੀ ਰਿਲੀਜ਼ ਨਹੀਂ ਕੀਤੇ ਜਾ ਰਹੇ ਹਨ। ਬਕਾਇਆ ਰਾਸ਼ੀ ਵਧ ਕੇ ਹੁਣ ਕਰੋੜਾਂ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਲਈ ਛਪਾਈਆਂ ਜਾਣ ਵਾਲੀਆਂ ਪਾਠ-ਪੁਸਤਕਾਂ ਲਈ ਬੋਰਡ ਨੂੰ ਐਡਵਾਂਸ ਰਾਸ਼ੀ ਜਾਰੀ ਕੀਤੀ ਜਾਵੇ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਲੀਡਰਸ਼ਿਪ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਆਪ ਸਰਕਾਰ ਬਣਨ ’ਤੇ ਸਿੱਖਿਆ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਵੇਗੀ ਪ੍ਰੰਤੂ ਸਰਕਾਰ ਵੱਲੋਂ ਸਕੂਲ ਬੋਰਡ ਨੂੰ ਅੱਖ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਪਰਿਵਰਤਨ ’ਤੇ ਮੁਲਾਜ਼ਮਾਂ ਨੂੰ ਆਸ ਸੀ ਕਿ ਸਰਕਾਰ ਵੱਲ ਬਕਾਇਆ 600 ਕਰੋੜ ਰੁਪਏ ਦੀ ਰਾਸ਼ੀ ਬੋਰਡ ਨੂੰ ਮਿਲ ਜਾਵੇਗੀ ਲੇਕਿਨ ਸਰਕਾਰ ਨੇ ਇੱਕ ਧੇਲਾ ਵੀ ਨਹੀਂ ਦਿੱਤਾ। ਜਿਸ ਬੋਰਡ ਦੀ ਵਿੱਤੀ ਹਾਲਤ ਐਨੀ ਪਤਲੀ ਹੋ ਚੁੱਕੀ ਹੈ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਵਿੱਤੀ ਲਾਭ ਜਾਰੀ ਨਹੀਂ ਹੋ ਸਕੇ ਹਨ। ਇਸ ਤੋਂ ਇਲਾਵਾ ਡੀਏ ਦਾ ਬਕਾਇਆ ਅਤੇ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਵੀ ਕਾਫ਼ੀ ਸਮੇਂ ਤੋਂ ਲਮਕ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬੋਰਡ ਨੂੰ ਬਕਾਇਆ ਰਾਸ਼ੀ ਰਿਲੀਜ਼ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਨੂੰ ਸੀਮਾ ਸੂਦ, ਪ੍ਰਭਦੀਪ ਸਿੰਘ ਬੋਪਾਰਾਏ, ਸੁਨੀਲ ਅਰੋੜਾ ਅਤੇ ਗੁਰਇਕਬਾਲ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਬਲਜਿੰਦਰ ਸਿੰਘ ਬਰਾੜ, ਮਲਕੀਤ ਸਿੰਘ ਗੱਗੜ, ਰਾਜ ਕੁਮਾਰ ਭਗਤ, ਜਸਵੀਰ ਸਿੰਘ ਚੋਟੀਆਂ, ਜਸਪਾਲ ਸਿੰਘ ਟਹਿਣਾ, ਮਨਜਿੰਦਰ ਸਿੰਘ ਹੁਲਕਾ, ਮਨਜੀਤ ਸਿੰਘ ਲਹਿਰਾਗਾਗਾ, ਬਲਜਿੰਦਰ ਸਿੰਘ ਮਾਂਗਟ, ਗੌਰਵ ਸਾਂਪਲਾ, ਲਕਛਮੀ ਦੇਵੀ, ਸੁਰਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। ਉਧਰ, ਸੇਵਾਮੁਕਤ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਸਣੇ ਹੋਰ ਕਈ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ।