ਸੈਕਟਰ-76 ਤੋਂ 80 ਦੇ ਅਲਾਟੀਆਂ ਤੋਂ ਵਾਧੂ ਪੈਸਿਆਂ ਦੀ ਵਸੂਲੀ ਦਾ ਫ਼ੈਸਲਾ ਵਾਪਸ ਲਵੇ ਸਰਕਾਰ

ਨਬਜ਼-ਏ-ਪੰਜਾਬ, ਮੁਹਾਲੀ, 6 ਜੁਲਾਈ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮਪੀਸੀਏ) ਨੇ ਗਮਾਡਾ ਵੱਲੋਂ ਸੈਕਟਰ-76 ਤੋਂ 80 ਦੇ ਪਲਾਟ ਮਾਲਕਾਂ ਤੋਂ ਵਾਧੂ ਰਕਮ ਦੀ ਵਸੂਲੀ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਅਤੇ ਮੁੱਖ ਸਰਪਰਸਤ ਹਰਜਿੰਦਰ ਸਿੰਘ ਧਵਨ ਨੇ ਕਿਹਾ ਹੈ ਕਿ ਅਜਿਹਾ ਕਰਕੇ ਗਮਾਡਾ ਇਹਨਾਂ ਸੈਕਟਰਾਂ ਦੇ ਅਲਾਟੀਆਂ ਅਤੇ ਟ੍ਰਾਂਸਫਰੀਆਂ ਨਾਲ ਧੱਕਾ ਕਰ ਰਹੀ ਹੈ ਅਤੇ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਗਮਾਡਾ ਵੱਲੋਂ ਇਨ੍ਹਾਂ ਸੈਕਟਰਾਂ ਦੇ ਅਲਾਟੀਆਂ ਨੂੰ ਸਾਲਾਂ ਬੱਧੀ ਪਲਾਟਾਂ ਦਾ ਕਬਜਾ ਨਹੀਂ ਦਿੱਤਾ ਅਤੇ ਹੁਣੇ ਵੀ 100 ਦੇ ਕਰੀਬ ਪਲਾਟ ਅਜਿਹੇ ਹਨ ਜਿਹਨਾਂ ਦਾ ਕਬਜਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 20-20 ਸਾਲ ਤਕ ਪਲਾਟਾਂ ਦੇ ਕਬਜੇ ਦਾ ਇੰਤਜਾਰ ਕਰਨ ਵਾਲੇ ਅਲਾਟੀਆਂ ਨੂੰ ਕਿਰਾਏ ਦੇ ਮਕਾਨਾਂ ਵਿੱਚ ਰਹਿਣਾ ਪਿਆ ਅਤੇ ਜਦੋਂ ਉਹਨਾਂ ਨੂੰ ਪਲਾਟਾਂ ਦਾ ਕਬਜ਼ਾ ਮਿਲਿਆ ਉਦੋਂ ਤੱਕ ਮਕਾਨ ਉਸਾਰੀ ਦੇ ਸਾਮਾਨ ਦੀਆਂ ਕੀਮਤਾਂ ਕਈ ਗੁਨਾ ਵੱਧ ਚੁੱਕੀਆਂ ਸਨ ਅਤੇ ਇਹਨਾਂ ਅਲਾਟੀਆਂ ਨੂੰ ਪਹਿਲਾਂ ਹੀ ਭਾਰੀ ਵਿੱਤੀ ਮਾਰ ਸਹਿਣੀ ਪਈ ਹੈ।
ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਅਲਾਟੀਆਂ ਨੂੰ ਕਈ ਸਾਲਾਂ ਤੱਕ ਕਬਜ਼ੇ ਨਾ ਦਿੱਤੇ ਜਾਣ ਦਾ ਮੁਹਾਲੀ ਦੇ ਪ੍ਰਾਪਰਟੀ ਬਾਜ਼ਾਰ ਤੇ ਵੀ ਬਹੁਤ ਨਾਂਹ-ਪੱਖੀ ਅਸਰ ਪਿਆ ਸੀ ਅਤੇ ਹੁਣ ਗਮਾਡਾ ਵੱਲੋਂ ਇਨ੍ਹਾਂ ਪਲਾਟ ਮਾਲਕਾਂ ਤੇ 3164 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹੋਰ ਰਕਮ ਮੰਗੀ ਜਾ ਰਹੀ ਹੈ ਜਿਸ ਨਾਲ 200 ਗਜ ਦੇ ਪਲਾਟ ਮਾਲਕ ਨੂੰ ਲਗਭਗ 6 ਲੱਖ ਰੁਪਏ ਦੀ ਰਕਮ ਦੇਣੀ ਪਵੇਗੀ ਅਤੇ ਇਹ ਬਹੁਤ ਜਿਆਦਾ ਹੈ।
ਡਡਵਾਲ ਨੇ ਕਿਹਾ ਕਿ ਗਮਾਡਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਜ਼ਮੀਨ ਮਾਲਕਾਂ ਨੂੰ ਦਿੱਤੇ ਗਏ ਮੁਆਵਜ਼ੇ ਵਿੱਚ ਵਾਧਾ ਕੀਤੇ ਜਾਣ ਕਾਰਨ ਪਲਾਟ ਮਾਲਕਾਂ ਤੋਂ ਵੱਧ ਰਕਮ ਲਈ ਜਾ ਰਹੀ ਹੈ ਪ੍ਰੰਤੂ ਗਮਾਡਾ ਵੱਲੋਂ ਇਨ੍ਹਾਂ ਸੈਕਟਰਾਂ ਵਿੱਚ ਵੱਡੇ ਪਲਾਟ ਅਤੇ ਵਪਾਰਕ ਥਾਵਾਂ ਵੇਚ ਕੇ ਜਿਹੜੇ ਅਰਬਾਂ ਖਰਬਾਂ ਰੁਪਏ ਕਮਾਏ ਗਏ ਹਨ ਉਹ ਕਿੱਥੇ ਗਏ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਵੱਲੋਂ ਜ਼ਮੀਨ ਮਾਲਕਾਂ ਨੂੰ ਵੱਧ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ ਤਾਂ ਗਮਾਡਾ ਨੂੰ ਆਪਣੇ ਮੁਨਾਫ਼ੇ ’ਚੋਂ ਇਹ ਰਕਮ ਅਦਾ ਕਰਨੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖ਼ਲਅੰਦਾਜੀ ਕਰ ਕੇ ਇਸ ਗੈਰਵਾਜਬ ਫੈਸਲੇ ਨੂੰ ਵਾਪਸ ਕਰਵਾਉਣ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਪ੍ਰਾਪਰਟੀ ਬਾਜਾਰ ਤੇ ਨਾਂਹਪੱਖੀ ਅਸਰ ਤਾਂ ਪੈਂਦਾ ਹੀ ਹੈ ਬਲਕਿ ਇਸ ਨਾਲ ਸਰਕਾਰ ਦੀ ਭਰੋਸੇਯੋਗਤਾ ਤੇ ਵੀ ਸਵਾਲ ਉੱਠਦੇ ਹਨ ਇਸ ਲਈ ਇਹ ਫੈਸਲਾ ਤੁਰੰਤ ਵਾਪਸ ਹੋਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਵਿਨੋਦ ਸਭਰਵਾਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…