ਨਾਟਕਕਾਰ ਅਜਮੇਰ ਅੌਲਖ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਅਦਾ ਕਰੇਗੀ: ਬ੍ਰਹਮ ਮਹਿੰਦਰਾ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਨਾਟਕਕਾਰ ਅਜਮੇਰ ਅੌਲਖ ਦਾ ਹਾਲ ਪੁੱਛਿਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਲੇਖਕ, ਸਾਹਿਤਕਾਰ ਅਤੇ ਨਾਟਕਕਾਰ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ ਪੰਜਾਬ ਸਰਕਾਰ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਥਾਨਿਕ ਫੌਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਉੱਘੇ ਨਾਟਕਕਾਰ ਅਤੇ ਲੋਕ ਕਲਾ ਮੰਚ ਦੇ ਸੰਸਥਾਪਕ ਪ੍ਰੋਫੈਸਰ ਅਜਮੇਰ ਅੌਲਖ (75) ਦਾ ਹਸਪਤਾਲ ਵਿਖੇ ਪੁੱਜਕੇ ਹਾਲਚਾਲ ਪੁੱਛਣ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਪ੍ਰੋ: ਅੌਲਖ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਅੌਲਖ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਡੀ.ਐਮ ਅਨੁਪ੍ਰੀਤਾ ਜੌਹਲ, ਐਸ.ਪੀ.(ਸਿਟੀ) ਸ੍ਰੀ ਪੀ.ਐਸ.ਭੰਡਾਲ ਅਤੇ ਕਾਂਗਰਸੀ ਆਗੂ ਸ੍ਰੀ ਜੀ.ਐਸ ਬਾਲੀ, ਪ੍ਰੋ: ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ, ਹਰਬੰਸ ਸਿੰਘ ਢੋਲੇਵਾਲ ਵੀ ਮੌਜੂਦ ਸਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮੌਕੇ ਪ੍ਰੋ: ਅਜਮੇਰ ਅੌਲਖ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਇਕ ਮਹਾਨ ਨਾਟਕਕਾਰ ਦੱਸਿਆ ਅਤੇ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਉਨ੍ਹਾਂ ਇਸ ਮੌਕੇ ਪ੍ਰੋ: ਅੌਲਖ ਦਾ ਇਲਾਜ ਕਰ ਰਹੇ ਡਾਕਟਰ ਤੋਂ ਚਲ ਰਹੇ ਇਲਾਜ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ । ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੋ: ਅਜਮੇਰ ਅੌਲਖ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਵੀ 02 ਲੱਖ ਰੁਪਏ ਦੀ ਰਾਸ਼ੀ ਇਲਾਜ ਲਈ ਭੇਜੀ ਸੀ । ਉਨ੍ਹਾਂ ਦੱਸਿਆ ਕਿ ਇਲਾਜ ਦੀ ਬਕਾਇਆ ਰਾਸ਼ੀ ਵੀ ਨਹੀਂ ਅਦਾ ਕਰਨੀ ਪਵੇੇਗੀ। ਇਥੇ ਇਹ ਵਰਨਣ ਯੋਗ ਹੈ ਕਿ ਸਿਹਤ ਮੰਤਰੀ ਪੰਜਾਬ ਦੇ ਕਹਿਣ ਤੇ ਫੌਰਟਿਸ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਬਕਾਇਆ ਰਾਸ਼ੀ ਨਾ ਲੈਣ ਦਾ ਤੁਰੰਤ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਹੁਣ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਪ੍ਰੋ: ਅਜਮੇਰ ਅੌਲਖ ਨੂੰ ਆਪਣੀ ਬਿਮਾਰੀ ਦੇ ਇਲਾਜ ਦਾ ਕੋਈ ਖਰਚਾ ਅਦਾ ਨਹੀਂ ਕਰਨਾ ਪਵੇਗਾ।
ਪ੍ਰੋ: ਅਜਮੇਰ ਅੌਲਖ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਵੱਡਾ ਸੁਧਾਰ ਆਇਆ ਹੈ। ਉਨ੍ਹਾਂ ਨੂੰ ਹੁਣ ਆਈ.ਸੀ.ਯੂ ਵਾਰਡ ਤੋਂ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਵੱਲੋਂ ਰਾਜ ਵਿਚ ਸਿਹਤ ਸੇਵਾਵਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਚ ਸਥਿਤ ਪ੍ਰਾਈਵੇਟ ਸੁਪਰਸਪੈਸ਼ਿਲਿਟੀ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਨੂੰ ਪਾਇਲਟ ਪ੍ਰੋਜੈਕਟ ਵੱਜੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਪਰਸਪੈਸ਼ਿਲਿਟੀ ਹਸਪਤਾਲਾਂ ਦੇ ਸੀਨੀਅਰ ਅਤੇ ਮਾਹਿਰ ਡਾਕਟਰ ਸਿਵਲ ਹਸਪਤਾਲਾਂ ਵਿਚ ਓ.ਪੀ.ਡੀ ਲਈ ਫਰੀ ਸੇਵਾਵਾਂ ਦੇਣਗੇ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ। ਇਸ ਤੋਂ ਪਹਿਲਾਂ ਪੰਜਾਬੀ ਸਿਹਤ ਆਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਸ੍ਰੀਰਾਮ ਅਰਸ਼, ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸੁਰਿੰਦਰ ਗਿੱਲ ਨੇ ਸਿਹਤ ਮੰਤਰੀ ਪੰਜਾਬ ਦਾ ਪ੍ਰੋ: ਅਜਮੇਰ ਸਿੰਘ ਅੌਲਖ ਦਾ ਨਿੱਜੀ ਪੱਧਰ ਤੇ ਹਸਪਤਾਲ ਵਿਖੇ ਪੁੱਜਕੇ ਹਾਲਚਾਲ ਪੁੱਛਣ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…