nabaz-e-punjab.com

ਸਿੱਖ ਗੁਰੂਆਂ ਤੇ ਗੁਰਬਾਣੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਅਖੌਤੀ ਸਾਧ ਵਿਰੁੱਧ ਕਾਰਵਾਈ ਕਰੇ ਸਰਕਾਰ

ਬਾਬਾ ਸਰਬਜੋਤ ਸਿੰਘ ਬੇਦੀ ਤੇ ਹੋਰਨਾਂ ਧਾਰਮਿਕ ਆਗੂਆਂ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਸੰਤ ਸਮਾਜ ਦੀਆਂ ਪ੍ਰਮੁੱਖ ਹਸ਼ਤੀਆਂ ਜਿਨ੍ਹਾਂ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਅਤੇ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ) ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇੱਕ ਨਰਾਇਣ ਦਾਸ ਨਾਂ ਦੇ ਭੇਖ ਧਾਰੀ ਪ੍ਰਚਾਰਕ ਵੱਲੋਂ ਇੱਕ ਖਾਸ ਪ੍ਰੋਗਰਾਮ ਦੌਰਾਨ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਬੰਧੀ ਅਤੇ ਗੁਰਬਾਣੀ ਵਿੱਚ ਦਰਜ਼ ਭਗਤਾਂ ਦੀ ਬਾਣੀ ’ਤੇ ਬਹੁਤ ਹੀ ਘਟੀਆ ਅਤੇ ਨਾ ਬਰਦਾਸ਼ਤ ਕਰਨ ਯੋਗ ਟਿੱਪਣੀਆਂ ਕਰਨ ਦਾ ਗੰਭੀਰ ਨੋਟਿਸ ਲਿਆ ਹੈ।
ਇਸ ਸਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਨੂੰ ਮੰਗ ਪੱਤਰ ਭੇਜ ਕੇ ਅਖੌਤੀ ਸਾਧ ਕੇ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਪੁਲੀਸ ਕੇਸ ਦਰਜ ਕਰਕੇ ਪਾਖੰਡੀ ਸਾਧ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਸੰਤ ਸਮਾਜ ਦੇ ਨੌਜਵਾਨ ਪ੍ਰਚਾਰਕ ਦਲ ਦੇ ਆਗੂਆਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਕਿਹਾ ਕਿ ਸਾਧ ਨੇ ਪੰਚਮ ਪਾਤਸ਼ਾਹ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਭਾਰੀ ਚੋਟ ਮਾਰੀ ਹੈ ਅਤੇ ਪੂਰੇ ਸੰਸਾਰ ਵਿੱਚ ਬੈਠੇ ਗੁਰਬਾਣੀ ਨੂੰ ਪ੍ਰੇਮ ਕਰਨ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਪ੍ਰੰਤੂ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਸ ਪੰਥ ਦੋਖੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦਾ ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਹੈ।
ਸਿੱਖ ਨੌਜਵਾਨ ਆਗੂਆਂ ਨੇ ਕਿਹਾ ਕਿ ਸੰਤ ਸਮਾਜ ਸੰਪ੍ਰਦਾਵਾਂ ਨਾਲ ਜੁੜੇ ਹੋਏ ਸਮੂਹ ਪ੍ਰਚਾਰਕ ਇਹ ਮਹਿਸੂਸ ਕਰਦੇ ਹਨ ਕਿ ਜਿਸ ਤਰੀਕੇ ਨਾਲ ਪਿਛਲੇ ਕੁਝ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ’ਤੇ ਬਾਹਰੀ ਹਮਲੇ ਕਰਕੇ ਥਾਂ ਥਾਂ ਘੋਰ ਬੇਅਦਬੀ ਕੀਤੀ ਗਈ ਹੈ। ਉਸ ਤੋਂ ਬਾਅਦ ਹੁਣ ਬਹੁਤ ਹੀ ਕਿਸੇ ਡੂੰਘੀ ਸਾਜ਼ਿਸ਼ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਮਹਾਨ ਅੰਤਰੀਵ ਸਿਧਾਂਤ ਨੂੰ ਤੋੜਨ ਲਈ ਭਗਤਾਂ ਦੀ ਬਾਣੀ ਦੀ ਆੜ ਹੇਠ ਇਹ ਬਹੁਤ ਵੱਡਾ ਅਪਮਾਨ ਅਤੇ ਨਿਰਾਦਰ ਕਰਨ ਦੀ ਕੋਝੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਭੇਖੀ ਸਾਧ ਨੂੰ ਤੁਰੰਤ ਸੰਵਿਧਾਨ ਦੀ ਬਣਦੀਆਂ ਧਾਰਮਿਕ ਬੇਅਦਬੀ, ਭਾਵਨਾਵਾਂ ਭੜਕਾਉਣ ਦੇ ਦੋਸ਼ ਅਨੁਸਾਰ ਸੰਗੀਨ ਅਤੇ ਸਖ਼ਤ ਧਾਰਾਵਾਂ ਅਧੀਨ ਮੁਕੱਦਮਾ ਦਰਜ਼ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਮੁੜ ਕੋਈ ਖਾਲਸਾ ਪੰਥ ਦੇ ਮਹਾਨ ਵਿਰਾਸਤ ਅਤੇ ਸਿਧਾਂਤਾਂ ’ਤੇ ਉਂਗਲ ਨਾ ਚੁੱਕ ਸਕੇ। ਉਨ੍ਹਾਂ ਕਿਹਾ ਕਿ ਉਕਤ ਸਾਧ ਵੱਲੋਂ ਕੀਤੀ ਇਸ ਹਰਕਤ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੁਝ ਬਾਹਰੀ ਤਾਕਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਕੇ ਧਾਰਮਿਕ ਭਾਵਨਾਵਾਂ ਭੜਕਾ ਕੇ ਫਿਰ ਤੋਂ ਮਾਹੌਲ ਖਰਾਬ ਕੀਤਾ ਜਾਵੇ। ਇਸ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਇਹ ਨੈਤਿਕ ਜ਼ਿੰਮੇਵਾਰ ਬਣਦੀ ਹੈ ਕਿ ਨਰਾਇਣ ਦਾਸ ਵਰਗੇ ਅਖੌਤੀ ਸਾਧ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…